
ਸਕੂਲਾਂ ਕਾਲਜਾਂ ਵਿਚੋਂ ਅਪਣੀ ਪੜ੍ਹਾਈ ਖਤਮ ਕਰ ਕੇ ਅਜੋਕਾ ਨੌਜਵਾਨ ਕਿਸੇ ਰੁਜ਼ਗਾਰ ਦੀ ਭਾਲ ਵਿਚ ਭਟਕਦਾ ਅੱਜ ਕਲ ਆਮ ਹੀ ਵੇਖਣ ਨੂੰ ਮਿਲਦਾ ਹੈ...............
ਕੋਟ ਈਸੇ ਖਾਂ : ਸਕੂਲਾਂ ਕਾਲਜਾਂ ਵਿਚੋਂ ਅਪਣੀ ਪੜ੍ਹਾਈ ਖਤਮ ਕਰ ਕੇ ਅਜੋਕਾ ਨੌਜਵਾਨ ਕਿਸੇ ਰੁਜ਼ਗਾਰ ਦੀ ਭਾਲ ਵਿਚ ਭਟਕਦਾ ਅੱਜ ਕਲ ਆਮ ਹੀ ਵੇਖਣ ਨੂੰ ਮਿਲਦਾ ਹੈ ਕਿਉਂਕਿ ਰਾਜਨੀਤੀਵਾਨ ਭਲੇ ਹੀ ਚੋਣਾਂ ਸਮੇਂ ਰੁਜ਼ਗਾਰ ਦੇਣ ਦੇ ਕਈ ਤਰ੍ਹਾਂ ਦੇ ਸਬਜ਼ਬਾਗ ਇਨ੍ਹਾਂ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ ਵਿਖਾ ਕੇ ਸੱਤਾ 'ਤੇ ਕਾਬਜ਼ ਹੋਣ ਵਿਚ ਸਫ਼ਲ ਹੋ ਜਾਂਦੇ ਹਨ ਅਤੇ ਸੱਤਾ ਹਾਸਲ ਕਰਨ ਉਪਰੰਤ ਅਪਣੇ ਸਾਰੇ ਵਾਅਦੇ ਭੁੱਲ ਜਾਂਦੇ ਹਨ ਪਰ ਪੜ੍ਹਿਆ-ਲਿਖਿਆ ਤਬਕਾ ਅਪਣੇ ਮਾਂ ਪਿਉ ਵਲੋਂ ਕੀਤੇ ਪੜ੍ਹਾਈ ਦੇ ਖਰਚੇ ਦੀ ਪੂਰਤੀ ਕਰਨ ਲਈ ਕਈ ਢੰਗ ਤਰੀਕਿਆਂ ਰਾਹੀਂ ਮਾੜੀ ਮੋਟੀ ਨੌਕਰੀ ਦਾ ਸਾਧਨ ਲੱਭਣ ਲਈ ਮਜਬੂਰ ਹੋ ਜਾਂਦੇ ਹਨ।
ਇਸੇ ਦਾ ਹੀ ਵੱਡਾ ਕਾਰਨ ਹੈ ਕਿ ਚੰਗਾ ਪੜ੍ਹਿਆ-ਲਿਖਿਆ ਵਿਅਕਤੀ ਬਾਹਰਲੇ ਦੇਸ਼ ਵਿਚ ਜਾਣ ਨੂੰ ਅਪਣੀ ਪਹਿਲੀ ਪਸੰਦ ਮੰਨਦਾ ਹੈ ਅਤੇ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਉਸ ਦੇ ਮਾਪਿਆਂ ਕੋਲ ਬਾਹਰ ਭੇਜਣ ਦੀ ਸਰਦੀ ਪੁਜਦੀ ਪੂੰਜੀ ਦੀ ਸਮਰੱਥਾ ਹੈ। ਪਰ ਇਸਦੇ ਦੂਸਰੇ ਪਾਸੇ ਉਹ ਨੌਜਵਾਨ ਵੀ ਹਨ ਜੋ ਮਸਾਂ ਡਿਗਰੀਆਂ ਕਰਨ ਤਕ ਦੀ ਹੀ ਗੁੰਜਾਇਸ਼ ਰਖਦੇ ਹਨ ਅਤੇ ਜਿਥੇ ਵੀ ਕੋਈ ਨੌਕਰੀ ਮਿਲਦੀ ਹੈ, ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹੀ ਹੀ ਮਿਸਾਲ ਸਥਾਨਕ ਸ਼ਹਿਰ ਦੇ ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਪਟਰੌਲ ਪੰਪ ਤੋਂ ਮਿਲਦੀ ਹੈ
ਜਿਥੇ ਇਕ ਨਹੀਂ ਬਲਕਿ ਤਿੰਨ ਲੜਕੀਆਂ ਪਟਰੌਲ ਪੰਪ ਦੀਆ ਮਸ਼ੀਨਾਂ 'ਤੇ ਪਟਰੌਲ ਪਾਉਣ ਦੀ ਨੌਕਰੀ ਕਰ ਰਹੀਆਂ ਹਨ। ਜਿਨ੍ਹਾ ਵਿਚੋਂ ਪਤਾ ਕਰਨ 'ਤੇ ਇਹ ਦਸਿਆ ਗਿਆ ਕਿ ਇਨ੍ਹਾਂ ਲੜਕੀਆਂ ਵਿਚੋਂ ਇਕ ਡਿਗਰੀ ਹੋਲਡਰ ਹੈ ਅਤੇ ਦੋ ਪਲੱਸ ਟੂ ਪਾਸ ਹਨ। ਅਪਣੀ ਨੌਕਰੀ ਤੋਂ ਸੰਤੁਸ਼ਟ ਇਨ੍ਹਾਂ ਲੜਕੀਆਂ ਨੇ ਦਸਿਆ ਕਿ ਸਾਨੂੰ ਸਾਡੀ ਉਮੀਦ ਮੁਤਾਬਕ ਚੰਗੀ ਤਨਖ਼ਾਹ ਮਿਲ ਜਾਦੀ ਹੈ ਅਤੇ ਮਾਲਕ ਅਤੇ ਗਾਹਕ ਸਾਡੀ ਕਾਰਗੁਜ਼ਾਰੀ ਤੋਂ ਵੀ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਇਸ ਸਬੰਧੀ ਪਟਰੌਲ ਪੰਪ ਨੂੰ ਚਲਾ ਰਹੇ ਰਾਮ ਲੁਭਾਇਆ ਨੇ ਦਸਿਆ ਕਿ ਜਦੋਂ ਤੋਂ ਅਸੀਂ ਲੜਕੀਆਂ ਨੂੰ ਤੇਲ ਭਰਨ ਦੀ ਡਿਊਟੀ ਦਿਤੀ ਹੈ, ਇਸ ਨਾਲ ਇਨ੍ਹਾਂ ਲੜਕੀਆਂ ਦੀ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਤੀਜੇ ਵਜੋਂ ਸਾਡੀ ਸੇਲ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਸਾਨੂੰ ਇਨ੍ਹਾਂ 'ਤੇ ਨਜ਼ਰਸਾਨੀ ਕਰਨ ਦੀ ਵੀ ਜ਼ਰੂਰਤ ਨਹੀਂ ਪੈ ਰਹੀ।