
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਇਤਿਹਾਸਕ ਪਲ਼ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ
ਚੰਡੀਗੜ੍ਹ: ਬੀਤੇ ਦਿਨ ਵਾਹਗਾ ਬਾਰਡਰ 'ਤੇ ਉਸ ਸਮੇਂ ਇਕ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ 72 ਸਾਲਾਂ ਦੇ ਲੰਬੇ ਅਰਸੇ ਮਗਰੋਂ ਕੌਮਾਂਤਰੀ ਨਗਰ ਕੀਰਤਨ ਪਾਕਿਸਤਾਨ ਤੋਂ ਚੱਲ ਕੇ ਭਾਰਤ ਵਿਚ ਦਾਖ਼ਲ ਹੋਇਆ। ਵਾਕਈ ਦੋਵੇਂ ਮੁਲਕਾਂ -ਖ਼ਾਸ ਕਰ ਦੋਵੇਂ ਪੰਜਾਬਾਂ ਦੇ ਲੋਕਾਂ ਲਈ ਇਹ ਕਾਫ਼ੀ ਸੁਖਦ ਪਲ ਸੀ ਕਿਉਂਕਿ ਹੁਣ ਤਕ ਦੋਵੇਂ ਪੰਜਾਬ ਦੇ ਲੋਕਾਂ ਨੇ ਸਰਹੱਦ 'ਤੇ ਵੱਢ ਟੁੱਕ ਹੀ ਹੁੰਦੀ ਦੇਖੀ ਹੈ। ਦਿਲ ਨੂੰ ਸਕੂਨ ਦੇਣ ਵਾਲਾ ਨਜ਼ਾਰਾ ਨਹੀਂ ਦੇਖਿਆ, ਕੁੱਲ ਲੋਕਾਈ ਨੂੰ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਬਾਬੇ ਨਾਨਕ ਦੀ ਕ੍ਰਿਪਾ ਸਦਕਾ ਹੀ ਅਜਿਹਾ ਸੰਭਵ ਹੋ ਸਕਿਆ ਹੈ।
Nagar Kirtan
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਇਤਿਹਾਸਕ ਪਲ਼ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ। ਉਨ੍ਹਾਂ ਅਪਣੇ ਫੇਸਬੁੱਕ ਅਕਾਊਂਟ 'ਤੇ ਅਪਣੇ ਇਕ ਨਿੱਜੀ ਅਨੁਭਵ ਨੂੰ ਬਿਆਨ ਕਰਦਿਆਂ ਲਿਖਿਆ ''ਅੱਜ ਵਾਹਗਾ ਬਾਰਡਰ 'ਤੇ ਜਿਉੁਂ ਹੀ ਨਗਰ ਕੀਰਤਨ ਦੀ ਅਗਵਾਈ ਕਰ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ਼ਾਮ ਚਾਰ ਵਜੇ ਸਰਹੱਦ 'ਤੇ ਪਹੁੰਚੀ। ਪਾਕਿਸਤਾਨ ਦਾ ਝੰਡਾ ਉਤਰਿਆ ਹੋਇਆ ਸੀ। ਇਉਂ ਮਹਿਸੂਸ ਹੋਇਆ ਜਿਵੇਂ ਸਾਰਾ ਪਾਕਿਸਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰ ਰਿਹਾ ਹੋਵੇ ਪਰ ਭਾਰਤ ਦਾ ਝੰਡਾ ਝੂਲ ਰਿਹਾ ਸੀ।''
Tweet
ਗਿਆਨੀ ਹਰਪ੍ਰੀਤ ਸਿੰਘ ਨੇ ਅਪਣੀ ਇਸ ਫੇਸਬੁੱਕ ਪੋਸਟ ਵਿਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਮਦ 'ਤੇ ਪਾਕਿਸਤਾਨ ਦੇ ਝੁਕੇ ਹੋਏ ਝੰਡੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕੀਤੇ ਜਾਣ ਨਾਲ ਜੋੜ ਕੇ ਪੇਸ਼ ਕੀਤਾ। ਉਥੇ ਹੀ ਉਨ੍ਹਾਂ ਭਾਰਤ ਦੇ ਝੂਲਦੇ ਝੰਡੇ ਦੀ ਗੱਲ ਕਰਦਿਆਂ ਅਸਿੱਧੇ ਤੌਰ 'ਤੇ ਭਾਰਤ ਸਰਕਾਰ 'ਤੇ ਤੰਜ ਵੀ ਕੱਸ ਦਿੱਤਾ। ਉਨ੍ਹਾਂ ਦੇ ਕਹਿਣ ਤੋਂ ਇਹੀ ਭਾਵ ਲਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਪਾਕਿ ਸਰਕਾਰ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਮਦ 'ਤੇ ਅਪਣੇ ਝੰਡੇ ਨੂੰ ਝੁਕਾਉਣ ਦੀ ਜਹਿਮਤ ਨਹੀਂ ਉਠਾਈ!
ਖ਼ੈਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਪਾਕਿਸਤਾਨ ਆਉਣ ਵਾਲੇ ਹਰ ਸਿੱਖ ਸ਼ਰਧਾਲੂ ਦਾ ਦਿਲੋਂ ਇਹਤਰਾਮ ਤੇ ਇਸਤਕਬਾਲ ਕੀਤਾ ਜਾਂਦਾ ਹੈ। ਇੱਧਰ ਭਾਰਤ ਵੱਲੋਂ ਵੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਹੁਣ ਤਾਂ ਵਿਸ਼ਵ ਭਰ ਦੇ ਨਾਨਕ ਨਾਮ ਲੇਵਾ ਸ਼ਰਧਾਲੂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੈ ਜਿਸ ਦਿਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇਗਾ ਤਾਂ ਜੋ ਉਹ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਅਪਣੇ ਮੱਥੇ ਨਾਲ ਲਾ ਸਕਣ।