
ਬਾਬਾ ਬਲਬੀਰ ਸਿੰਘ ਨੇ ਗੁਰਦਵਾਰਿਆਂ ਦੀਆਂ ਇਮਾਰਤਾਂ ਅੰਦਰ ਡੰਗਰ ਬੰਨ੍ਹਣ ਤੇ ਥਾਣੇ ਬਣਾਉਣ ਦਾ ਕੀਤਾ ਵਿਰੋਧ
ਅੰਮ੍ਰਿਤਸਰ , 1 ਸਤੰਬਰ (ਪਰਮਿੰਦਰਜੀਤ): ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਦੇ 14ਵੇਂ ਨਿਹੰਗ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੀਆਂ ਇਮਾਰਤਾਂ ਦੀ ਹੋ ਰਹੀ ਗ਼ਲਤ ਵਰਤੋਂ ਅਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿਚ ਵੱਖ-ਵੱਖ ਖੇਤਰਾਂ ਵਿਚ ਪੁਰਾਤਨ ਬਣੇ ਇਤਿਹਾਸਕ ਗੁਰਦਵਾਰਿਆਂ ਦੀਆਂ ਇਮਾਰਤਾਂ ਸਰਕਾਰੀ ਵਿਭਾਗਾਂ ਅਤੇ ਭੂ ਮਾਫ਼ੀਆ ਵਲੋਂ ਜਬਰੀ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੀਡੀਏ ਰਾਹੀਂ ਮਿਲੀਆਂ ਖ਼ਬਰਾਂ ਮੁਤਾਬਕ ਪਾਕਿਸਤਾਨ ਦੇ ਸਾਹੀਵਾਲ ਸ਼ਹਿਰ (ਮਿੰਟਗੁਮਰੀ) ਦੀ ਗਾਲ੍ਹਾ ਮੰਡੀ 'ਚ ਮੌਜੂਦ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਵਿਸ਼ਾਲ ਇਮਾਰਤ ਨੂੰ ਪੁਲਿਸ ਥਾਣਾ ਸਿਟੀ 'ਚ ਤਬਦੀਲ ਕਰ ਦਿਤਾ ਗਿਆ ਹੈ। ਥਾਣੇ ਨੇ ਦੀਵਾਨ ਹਾਲ ਤੇ ਹੋਰ ਭਵਨਾਂ ਨੂੰ ਕੈਦੀਆਂ ਨੂੰ ਹਿਰਾਸਤ ਵਿਚ ਰੱਖਣ ਵਾਲੀਆਂ ਕੋਠੜੀਆਂ ਤੇ ਪ੍ਰਕਾਸ਼ ਅਸਥਾਨ ਨੂੰ ਮੁੱਖ ਅਧਿਕਾਰੀ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਹੈ। ਬਾਬੇ ਨਾਨਕ ਦੇ ਅਨਿਨ ਸੇਵਕ, ਭਾਈ ਲਾਲੋ ਜੀ ਨਾਲ ਸਬੰਧਤ ਦੋ ਮੰਜ਼ਲਾਂ ਗੁਰਦਵਾਰਾ ਜੋ ਕਿ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਪਿੰਡ ਤਤਲੇਆਲੀ ਦੀ ਆਬਾਦੀ ਦੀਨਪੁਰ ਗੱਦੀਆਂ ਵਿਚ ਮੌਜੂਦ ਹੈ, ਵਿਚ ਪਸ਼ੂ ਬੰਨ੍ਹੇ ਜਾ ਰਹੇ ਹਨ ਤੇ ਕੁੱਝ ਕਮਰਿਆਂ 'ਚ ਚਾਰਾ ਤੇ ਪਾਥੀਆਂ ਰੱਖੀਆਂ ਹੋਈਆਂ ਹਨ, ਇਹ ਗੁਰਦੁਆਰਾ ਸੰਨ 1939 ਵਿਚ ਭਾਈ ਲਾਲ ਸਿੰਘ ਨੇ ਅਫ਼ਰੀਕਾ ਦੀ ਸਿੱਖ ਸੰਗਤ ਦੀ ਮਾਇਆ ਨਾਲ ਤਿਆਰ ਕਰਵਾਇਆ ਸੀ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਈ ਲਾਲੋ ਜੀ ਦੀ ਇਕਲੌਤੀ ਪੁੱਤਰੀ ਬੀਬੀ ਰੱਜੀ ਵੀ ਇਸੇ ਪਿੰਡ ਦੇ ਭਾਈ ਭਗਤੂ ਨਾਲ ਵਿਆਹੀ ਗਈ ਸੀ ਅਤੇ ਏਮਨਾਬਾਦ ਦੀ ਹੋਈ ਬਰਬਾਦੀ ਤੋਂ ਬਾਅਦ ਭਾਈ ਲਾਲੋ ਅਖ਼ੀਰ ਤਕ ਇਸੇ ਪਿੰਡ ਵਿਚ ਰਹੇ।
ਬਾਬਾ ਬਲਬੀਰ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੱਭ ਇਤਿਹਾਸਕ ਗੁਰਦੁਆਰਿਆਂ ਸਬੰਧੀ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਧਿਆਨ 'ਚ ਰਖਦਿਆਂ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਔਕਾਫ਼ ਬੋਰਡ ਅਤੇ ਸਥਾਨਕ ਸਿੱਖਾਂ ਤੇ ਹਿਤੈਸ਼ੀਆਂ ਦਾ ਸਹਿਯੋਗ ਲੈ ਕੇ ਇਨ੍ਹਾਂ ਗੁਰਦਵਾਰਿਆਂ ਵਿਚ ਮਰਿਆਦਾ ਬਹਾਲ ਕਰਾਉਣ ਲਈ ਯਤਨ ਕਰਨ।
image
ਨੰ. 2
ਡੱਬੀ
ਪਾਕਿਸਤਾਨ 'ਚ ਗੁਰਦਵਾਰਿਆਂ ਦੀਆਂ ਇਮਾਰਤਾਂ 'ਤੇ ਕਬਜ਼ੇ ਦੀ ਭਾਈ ਲੌਂਗੋਵਾਲ ਨੇ ਕੀਤੀ ਨਿਖੇਧੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਅੰਦਰ ਸਿੱਖਾਂ ਦੇ ਗੁਰਦਵਾਰਾ ਸਾਹਿਬਾਨ ਦੀ ਹੋਂਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ ਪਾਕਿਸਤਾਨ ਅੰਦਰ ਇਤਿਹਾਸਕ ਗੁਰਦਵਾਰਿਆਂ ਨੂੰ ਪੁਲਿਸ ਥਾਣਾ ਅਤੇ ਕਬਰ ਬਣਾਉਣ ਦੀਆਂ ਖ਼ਬਰਾਂ ਨੇ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪੈਦਾ ਕੀਤਾ ਹੈ। ਪਾਕਿਸਤਾਨ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਰਖਵਾਲੀ ਅਤੇ ਸਾਂਭ-ਸੰਭਾਲ ਧਾਰਮਕ ਨਜ਼ਰੀਏ ਤੋਂ ਕਰੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਅੰਦਰ ਗੁਰਦੁਆਰਿਆਂ 'ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਦਾ ਮਾਮਲਾ ਪਾਕਿਸਤਾਨ ਸਰਕਾਰ ਪਾਸ ਉਠਾਏ।
ਪਾਕਿ ਸਰਕਾਰ ਇਹ ਇਤਿਹਾਸਕ ਗੁਰਦਵਾਰੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰੇ : ਬਾਬਾ ਬਲਬੀਰ ਸਿੰਘ