
2021 ਤਕ ਭਾਰਤ ਸੱਭ ਤੋਂ ਵੱਧ ਕਰਜ਼ਾ ਭਾਰ ਵਾਲੇ ਦੇਸ਼ਾਂ ਵਿਚ ਸ਼ਾਮਲ ਹੋਵੇਗਾ
ਨਵੀਂ ਦਿੱਲੀ, 1 ਸਤੰਬਰ : ਸੰਸਾਰ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਕਿਹਾ ਹੈ ਕਿ ਸਾਲ 2021 ਤਕ ਭਾਰਤ ਉਭਰਦੇ ਬਾਜ਼ਾਰਾਂ ਵਿਚ ਸੱਭ ਤੋਂ ਵੱਧ ਕਰਜ਼ਾ ਬੋਝ ਵਾਲੀਆਂ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਵੇਗਾ।
ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਰਥਕ ਵਾਧਾ ਅਤੇ ਖ਼ਜ਼ਾਨੇ ਦੇ ਘਾਟੇ ਦੇ ਗਣਿਤ ਦਾ ਵੱਡੇ ਉਭਰਦੇ ਬਾਜ਼ਾਰਾਂ ਦੀ ਅਰਥਵਿਵਸਥਾ 'ਤੇ ਅਸਰ ਪਵੇਗਾ ਅਤੇ ਅਗਲੇ ਕੁੱਝ ਸਾਲਾਂ ਤਕ ਇਨ੍ਹਾਂ ਦਾ ਕਰਜ਼ਾ ਬੋਝ ਕਾਫ਼ੀ ਉੱਚਾ ਰਹੇਗਾ। ਮੂਡੀਜ਼ ਦਾ ਕਹਿਣਾ ਹੈ ਕਿ ਉਭਰਦੇ ਬਾਜ਼ਾਰ ਦੀਆਂ ਅਰਥਵਿਵਸਥਾਵਾਂ ਵਿਚ ਵਧੇ ਮੁਢਲੇ ਘਾਟੇ ਕਾਰਨ ਉਨ੍ਹਾਂ ਦਾ ਕਰਜ਼ਾ ਬੋਝ 2019 ਦੇ ਮੁਕਾਬਲੇ 2021 ਤਕ 10 ਫ਼ੀ ਸਦੀ ਅੰਕ ਵਧ ਸਕਦਾ ਹੈ। ਇਨ੍ਹਾਂ ਵਿਚੋਂ ਕੁੱਝ 'ਤੇ ਉੱਚੇ ਵਿਆਜ ਭੁਗਤਾਨ ਦਾ ਵੀ ਬੋਝ ਹੋਵੇਗਾ ਜਿਸ ਨਾਲ ਉਨ੍ਹਾਂ ਦਾ ਕਰਜ਼ਾ ਹੋਰ ਵਧੇਗਾ।
ਮੂਡੀਜ਼ ਨੇ ਕਿਹਾ ਕਿ ਵੱਡੇ ਉਭਰਦੇ ਬਾਜ਼ਾਰਾਂ ਵਾਲੀਆਂ ਅਰਥਵਿਵਸਥਾਵਾਂ ਵਿਚ ਬ੍ਰਾਜ਼ੀਲ, ਭਾਰਤ ਅਤੇ ਦਖਣੀ ਅਫ਼ਰੀਕਾ ਦਾ ਕਰਜ਼ਾ ਬੋਝ ਸੱਭ ਤੋਂ ਜ਼ਿਆਦਾ ਹੋ ਸਕਦਾ ਹੈ। ਏਜੰਸੀ ਨੇ ਕਿਹਾ ਕਿ ਕਮਜ਼ੋਰ ਵਿੱਤੀ ਪ੍ਰਣਾਲੀ ਅਤੇ ਹੋਰ ਦੇਣਦਾਰੀਆਂ ਕਾਰਨ ਭਾਰਤ, ਮੈਕਸਿਕੋ, ਦਖਣੀ ਅਫ਼ਰੀਕਾ ਅਤੇ ਤੁਰਕੀ ਲਈ ਇਹ ਜੋਖਮ ਜ਼ਿਆਦਾ ਹੈ। (ਏਜੰਸੀ)