
ਸਤੰਬਰ ਦੇ ਅਖ਼ੀਰ 'ਚ ਬੀਮਾਰੀ ਦੀ ਸ਼ਕਤੀ ਘਟਣ ਦੀ ਆਸ : ਸਿੱਧੂ
ਕੋਰੋਨਾ ਬੀਮਾਰੀ ਛੋਟੇ ਕਸਬਿਆਂ ਅਤੇ ਪਿੰਡਾਂ ਵਲ ਫੈਲ ਰਹੀ ਹੈ
to
ਚੰਡੀਗੜ੍ਹ, 1 ਸਤੰਬਰ (ਐਸ.ਐਸ. ਬਰਾੜ) : ਪੰਜਾਬ ਦੀ ਜਨਤਾ ਲਈ ਇਹ ਇਕ ਸ਼ੁਭ ਖ਼ਬਰ ਹੈ ਕਿ ਸਤੰਬਰ ਦੇ ਅਖ਼ੀਰਲੇ ਹਫ਼ਤੇ ਤਕ ਕੋਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘਟਣੀ ਅਰੰਭ ਹੋ ਜਾਵੇਗੀ। ਲਗਦਾ ਹੈ ਕਿ ਹੌਲੀ-ਹੌਲੀ ਕੋਰੋਨਾ ਬੀਮਾਰੀ ਦੀ ਸ਼ਕਤੀ ਘਟ ਹੋ ਰਹੀ ਹੈ ਅਤੇ ਕੋਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਮਰੀਜ਼ ਜਲਦੀ ਠੀਕ ਹੋ ਰਹੇ ਹਨ।
ਇਹ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਦਿਤੀ। ਉਨ੍ਹਾਂ ਦਸਿਆ ਕਿ ਜੋ ਵਿਅਕਤੀ ਕੋਰੋਨਾ ਬੀਮਾਰੀ ਤੋਂ ਪਹਿਲਾਂ ਪ੍ਰਭਾਵਤ ਹੋਏ ਸਨ, ਉਨ੍ਹਾਂ ਨੂੰ ਠੀਕ ਹੋਣ 'ਚ ਜ਼ਿਆਦਾ ਸਮਾਂ ਲਗਦਾ ਸੀ ਪ੍ਰੰਤੂ ਜੋ ਮਰੀਜ਼ ਹੁਣ ਆ ਰਹੇ ਹਨ ਉਹ ਥੋੜੇ ਸਮੇਂ 'ਚ ਹੀ ਤੰਦਰੁਸਤ ਹੋ ਰਹੇ ਹਨ।
ਸ. ਸਿੱਧੂ ਨੇ ਆਸ ਪ੍ਰਗਟਾਈ ਕਿ ਸਤੰਬਰ ਦੇ ਅਖੀਰ 'ਚ ਕੋਰੋਨਾ ਬੀਮਾਰੀ ਦਾ ਅਸਰ ਕਮਜ਼ੋਰ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਲੋਕਾਂ ਨੂੰ ਸਿਹਤ ਮਹਿਕਮੇ ਦੀਆਂ ਟੈਸਟ ਕਰਨ ਵਾਲੀਆਂ ਟੀਮਾਂ ਨੂੰ ਮਿਲਵਰਤਣ ਦੇਣੀ ਚਾਹੀਦੀ ਹੈ। ਉਹ ਅਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ, ਪਿੰਡਾਂ 'ਚ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੈਸਟ ਕਰ ਰਹੇ ਹਨ। ਕੁੱਝ ਥਾਵਾਂ 'ਤੇ ਟੀਮਾਂ 'ਤੇ ਹਮਲਾ ਵੀ ਕੀਤਾ ਗਿਆ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕੁੱਝ ਲੋਕ ਪਿੰਡਾਂ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅਫ਼ਵਾਹਾਂ ਫੈਲਾ ਰਹੇ ਹਨ। ਉੁਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਇਸ ਬੀਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਅਤੇ ਉਸ ਉਪਰ ਕੋਈ ਜ਼ਿਆਦਾ ਅਸਰ ਨਹੀਂ, ਉਸ ਨੂੰ ਘਰ 'ਚ ਹੀ ਇਕਾਂਤਵਾਸ ਦਾ ਸੁਝਾਅ ਦਿਤਾ ਜਾਂਦਾ ਹੈ।
ਸਿਰਫ਼ ਗੰਭੀਰ ਹਾਲਤ 'ਚ ਹੀ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਹੁਣ ਜੋ ਵੀ ਕੋਰੋਨਾ ਤੋਂ ਪੀੜਤ ਪਾਏ ਜਾ ਰਹੇ ਹਨ, ਉਨ੍ਹਾਂ ਦੀ ਜ਼ਿਆਦਾ ਗਿਣਤੀ, ਛੋਟੇ ਕਸਬਿਆਂ ਅਤੇ ਪਿੰਡਾਂ ਨਾਲ ਸਬੰਧਤ ਹੈ। ਇਸ ਲਈ ਪਿੰਡਾਂ 'ਚ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਅਰੰਭੀ ਗਈ ਹੈ।
ਸ. ਸਿੱਧੂ ਨੇ ਦਸਿਆ ਕਿ ਇਸ ਸਮੇਂ ਰੋਜ਼ਾਨਾ 22500 ਟੈਸਟ ਕੀਤੇ ਜਾ ਰਹੇ ਹਨ ਅਤੇ ਇਕ ਹਫ਼ਤੇ 'ਚ ਇਸ ਨੂੰ 30 ਹਜ਼ਾਰ ਤਕ ਲਿਜਾਣ ਦੀ ਕੋਸ਼ਿਸ਼ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਅਗਲੇ ਦੋ-ਤਿੰimageਨ ਹਫ਼ਤਿਆਂ 'ਚ ਵਧ ਤੋਂ ਵਧ ਟੈਸਟ ਕਰ ਕੇ, ਇਸ ਬੀਮਾਰੀ ਨੂੰ ਰੋਕਿਆ ਜਾਵੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਤੰਬਰ ਦੇ ਅਖੀਰ 'ਚ ਇਸ ਬੀਮਾਰੀ ਦਾ ਅਸਰ ਘਟਣਾ ਅਰੰਭ ਹੋ ਜਾਵੇਗਾ।