
ਅਖੌਤੀ ਫ਼ਤਵਿਆਂ ਦੇ ਮਾਮਲੇ 'ਚ ਕੌਮ ਨੇ ਇਕ ਵਾਰ ਫਿਰ ਨਕਾਰੇ 'ਜਥੇਦਾਰ' : ਸੈਕਰਾਮੈਂਟੋ
ਕਿਹਾ, ਢਡਰੀਆਂਵਾਲੇ ਵਿਰੁਧ ਆਇਆ ਦੋਸ਼ ਪੱਤਰ ਜਨਤਕ ਕਰਨ 'ਜਥੇਦਾਰ'
ਕੋਟਕਪੂਰਾ, 1 ਸਤੰਬਰ (ਗੁਰਿੰਦਰ ਸਿੰਘ) : 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਕੋਈ ਨਾ ਪੜ੍ਹੇ, ਪ੍ਰੋ. ਦਰਸ਼ਨ ਸਿੰਘ ਦਾ ਕੀਰਤਨ ਕੋਈ ਨਾ ਸੁਣੇ ਅਤੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦੀਆਂ ਕਿਤਾਬਾਂ ਪੜ੍ਹਨ ਤੋਂ ਸੰਗਤਾਂ ਨੂੰ ਵਰਜਣ ਵਾਲੇ ਹੁਕਮਨਾਮੇ ਜਾਰੀ ਕਰਨ ਵਾਲੇ 'ਜਥੇਦਾਰ' ਭਾਵੇਂ ਉਕਤ ਫ਼ਤਵਿਆਂ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਏ ਭਾਵ ਸੰਗਤਾਂ ਨੇ ਉਨ੍ਹਾਂ ਦੇ ਫ਼ਤਵਿਆਂ ਦਾ ਪ੍ਰਭਾਵ ਕਬੂਲਣ ਤੋਂ ਸਾਫ਼ ਇਨਕਾਰ ਕਰ ਦਿਤਾ। ਪਰ 'ਜਥੇਦਾਰਾਂ' ਨੇ ਉਹੀ ਫ਼ਤਵੇ ਹਰਜਿੰਦਰ ਸਿੰਘ ਦਿਲਗੀਰ, ਇੰਦਰ ਸਿੰਘ ਘੱਗਾ, ਹਰਨੇਕ ਸਿੰਘ ਨੇਕੀ ਅਤੇ ਰਣਜੀਤ ਸਿੰਘ ਢਡਰੀਆਂਵਾਲੇ ਵਿਰੁਧ ਵੀ ਵਰਤਣ ਦੀ ਅਸਫ਼ਲ ਕੋਸ਼ਿਸ਼ ਕੀਤੀ ਜਿਸ ਨੂੰ ਸੰਗਤਾਂ ਕਿਸੇ ਵੀ ਹਾਲਤ 'ਚ ਮੰਨਣ ਲਈ ਤਿਆਰ ਨਹੀਂ। ਕਿਉਂਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਰੋਜ਼ਾਨਾ ਸਪੋਕਸਮੈਨ ਨੂੰ ਰੀਝ ਨਾਲ ਪੜ੍ਹਦੀਆਂ ਹਨ, ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਵੀ ਚਲਦੇ ਰਹੇ ਤੇ ਤਾਜ਼ਾ ਫ਼ਤਵੇ ਦੇ ਉਲਟ ਸੰਗਤਾਂ ਨੇ ਢਡਰੀਆਂਵਾਲੇ ਦੇ ਵੀਡੀਉ ਕਲਿਪ ਕਈ ਗੁਣਾਂ ਜ਼ਿਆਦਾ ਤਾਦਾਦ 'ਚ ਸ਼ੇਅਰ ਕਰਨੇ ਸ਼ੁਰੂ ਕਰ ਦਿਤੇ ਹਨ।
ਪ੍ਰਵਾਸੀ ਭਾਰਤੀ ਸਿੱਖ ਚਿੰਤਕਾਂ ਤੇ ਪੰਥਕ ਵਿਦਵਾਨਾਂ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਡਾ. ਗੁਰਮੀਤ ਸਿੰਘ ਬਰਸਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕੌਮ 'ਚ ਦਿਨੋਂ ਦਿਨ ਵੱਧ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਾਲਾ ਅੱਜ ਕੋਈ ਨਜ਼ਰ ਨਹੀਂ ਆ ਰਿਹਾ। ਅਪਣੇ-ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਤਾਂ ਅੱਜ ਘਪਲਿਆਂ ਦਾ ਗੜ੍ਹ ਬਣ ਚੁੱਕੀ ਹੈ। ਜਿਹੜੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕੀ, ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ? ਕਮੇਟੀ ਵਲੋਂ ਨਿਯੁਕਤ ਕੀਤੇ ਗਏ 'ਜਥੇਦਾਰ' ਅਪਣੀ ਸ਼ੋਭਾ ਵਧਾਉਣ ਲਈ ਇਹ ਤਾਂ ਕਹਿੰਦੇ ਹਨ ਕਿ ਕੌਮ ਅਕਾਲ ਤਖ਼ਤ ਸਾਹਿਬ ਨਾਲ ਖੜੀ ਹੋਵੋ ਪਰ ਉਸ ਅਸਥਾਨ ਦੀ ਮਾਣ-ਮਰਿਆਦਾ ਨੂੰ ਮੁੱਖ ਰੱਖ ਕੇ ਫ਼ੈਸਲੇ ਲੈਣ ਦੀ ਹਿੰਮਤ ਨਹੀਂ ਕਰਦੇ। ਜਦੋਂ ਵੀ ਕਿਸੇ ਵਲੋਂ ਸਵਾਲ ਕੀਤਾ ਜਾਂਦਾ ਹੈ ਤਾਂ ਪੁਜਾਰੀਆਂ ਵਲੋਂ 15ਵੀਂ ਸਦੀ ਦੇ ਘਸੇ-ਪਿਟੇ ਤਰੀਕੇ ਵਰਤ ਕੇ ਆਵਾਜ਼ ਬੰਦ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਅਪਣੀਆਂ ਸਟੇਜਾਂ ਤੋਂ ਅਖੌਤੀ ਦਸਮ ਗ੍ਰੰਥ ਜਾਂ ਹੋਰ ਗੁਰਮਤਿ ਵਿਰੋਧੀ ਕਿਤਾਬਾਂ, ਜਿਨ੍ਹਾਂ 'ਚ ਗੁਰੂ ਸਾਹਿਬ ਦੀ ਸ਼ਾਨ ਵਿਰੁਧ ਕੂੜ ਲਿਖਿਆ ਹੋਇਆ ਹੈ, ਦੀ ਕਥਾ ਕਰਵਾ ਸਕਦੀ ਹੈ ਤਾਂ ਸੰਗਤਾਂ ਅਪਣੀ ਮਰਜ਼ੀ ਨਾਲ ਕਿਸੇ ਨੂੰ ਪੜ੍ਹ ਜਾਂ ਸੁਣ ਕਿਉਂ ਨਹੀਂ ਸਕਦੀਆਂ? ਉਨ੍ਹਾਂ ਮੰਗ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਰਣਜੀਤ ਸਿੰਘ ਵਿਰੁਧ ਆਏ ਦੋਸ਼ ਪੱਤਰ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਸਾਰੀ ਕੌਮ ਇਹ ਜਾਣ ਸਕੇ ਕਿ ਉਸ ਉਪਰ ਕੀ ਦੋਸ਼ ਹੈ? 21ਵੀਂ ਸਦੀ 'ਚ ਬੁਕਲ ਵਿਚ ਭੇਲੀ ਭੰਨਿਆਂ ਨਹੀਂ ਸਰਨਾ, ਸੱਭ ਕੁੱਝ ਪਾਰਦਰਸ਼ੀ ਹੋਣਾ ਚਾਹੀਦਾ ਹੈ।