
ਸਰਕਾਰ ਦੀ ਅਪਣੇ ਪੱਧਰ 'ਤੇ ਜਾਂਚ ਨੂੰ ਮਾਮਲੇ 'ਚ ਲਿਪਾ-ਪੋਚੀ ਕਰਾਰ ਦਿਤਾ
ਚੰਡੀਗੜ੍ਹ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਐਸ.ਸੀ. ਬੱਚਿਆਂ ਦੀ ਸਕਾਲਰਸ਼ਿਪ 'ਚ ਘੁਟਾਲਾ ਕਰਨ ਦੇ ਲੱਗੇ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ 'ਤੇ ਹਮਲੇ ਤੇਜ਼ ਕਰ ਦਿਤੇ ਹਨ। ਇਸੇ ਤਹਿਤ ਅੱਜ ਸੂਬੇ ਭਰ ਅੰਦਰ ਕਈ ਥਾਈ ਅਕਾਲੀ ਦਲ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ। ਅਕਾਲੀ ਦਲ ਤੋਂ ਇਲਾਵਾ ਦੂਜੀਆਂ ਪਾਰਟੀਆਂ ਵੀ ਇਸ ਮੁੱਦੇ 'ਤੇ ਸਰਕਾਰ 'ਤੇ ਨਿਸ਼ਾਨੇ ਸਾਧ ਰਹੀਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਹੈ।
Sukhbir Badal
ਸਰਕਾਰ ਵਲੋਂ ਮਾਮਲੇ ਦੀ ਜਾਂਚ ਲਈ ਸਿਟ ਦੇ ਗਠਨ ਨੂੰ ਨਾਕਾਫ਼ੀ ਦਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਾਪਰੇ ਰੇਲ ਹਾਦਸੇ ਸਮੇਂ ਵੀ ਸਰਕਾਰ ਨੇ ਅਪਣੇ ਪੱਧਰ 'ਤੇ ਸਿੱਟ ਬਣਾ ਕੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਸੁਰਖਰੂ ਕਰ ਦਿਤਾ ਸੀ। ਇਸੇ ਤਰ੍ਹਾਂ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਥਾਂ ਸਰਕਾਰ ਨੇ ਸਿੱਟ ਬਣਾ ਕੇ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਘਪਲੇ 'ਚ ਵੀ ਸਰਕਾਰ ਦੀ ਮਨਸ਼ਾ ਅਪਣੇ ਪੱਧਰ 'ਤੇ ਕਮੇਟੀ ਬਣਾ ਕੇ ਮਾਮਲੇ ਨੂੰ ਰਫ਼ਾ ਕਰਨ ਦੀ ਹੈ।
Capt Amrinder Singh-Sukhbir Badal
ਸੁਖਬੀਰ ਬਾਦਲ ਨੇ ਕਿਹਾ ਕਿ ਕਰੋੜਾ ਰੁਪਏ ਦੇ ਸਕਾਲਰਸ਼ਿਪ ਘਪਲੇ 'ਚ ਵੀ ਸਰਕਾਰ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਥਾਂ ਅਪਣੇ ਹਿਸਾਬ ਨਾਲ ਜਾਂਚ ਕਰਵਾ ਕੇ ਅਪਣੇ ਮੰਤਰੀ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੱਤਾ ਦੇ ਸੁੱਖ ਦੀ ਨੀਂਦ ਨੇ ਪੰਜਾਬ ਦੇ ਲੱਖਾਂ ਐਸ.ਸੀ. ਬੱਚਿਆਂ ਦੇ ਭਵਿੱਖ ਨੂੰ ਰੋਲ ਕੇ ਰੱਖ ਦਿਤਾ ਹੈ। ਕੇਂਦਰ ਦੇ ਬੱਚਿਆਂ ਦੀ ਪੜ੍ਹਾਈ ਲਈ ਕਰੋੜਾਂ ਰੁਪਇਆ ਆਇਆ ਜੋ ਸਰਕਾਰ ਦੇ ਮੰਤਰੀ ਖੁਦ ਛੱਕ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੱਚ ਸਾਹਮਣੇ ਆ ਚੁੱਕਾ ਹੈ, ਮੁੱਖ ਮੰਤਰੀ ਨੂੰ ਸੀਬੀਆਈ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ।
Sadhu Singh Dharamsot
ਕਾਬਲੇਗੌਰ ਹੈ ਕਿ ਚੋਣ ਵਰ੍ਹਾਂ ਨੇੜੇ ਆਉਣ ਦੇ ਨਾਲ-ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੀ ਸਰਗਰਮੀ ਵਧਾ ਦਿਤੀ ਹੈ। ਇਸੇ ਦੌਰਾਨ ਸਰਕਾਰ ਖਿਲਾਫ਼ ਉਪਰ-ਥੱਲੇ ਮਿਲ ਰਹੇ ਮੁੱਦਿਆਂ ਨੇ ਵਿਰੋਧੀ ਧਿਰਾਂ ਨੂੰ ਸਰਕਾਰ ਖਿਲਾਫ਼ ਭੜਾਸ ਕੱਢਣ ਦਾ ਚੰਗਾ ਮੌਕਾ ਦਿਤਾ ਹੈ। ਪਿਛਲੇ ਦਿਨਾਂ ਦੌਰਾਨ ਇਹ ਦੂਜਾ ਮੌਕਾ ਹੈ, ਜਦੋਂ ਸਮੂਹ ਵਿਰੋਧੀ ਧਿਰਾਂ ਸਰਕਾਰ ਨੂੰ ਘੇਰਨ ਲਈ ਇਕਮੁੱਠ ਹੋਈਆਂ ਹਨ।
Sukhbir Badal
ਇਸ ਤੋਂ ਪਹਿਲਾਂ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵੀ ਪੰਜਾਬ ਦਾ ਸਿਆਸੀ ਪਾਰਾ ਇਕਦਮ ਚੜ੍ਹ ਗਿਆ ਸੀ। ਇਸੇ ਦੌਰਾਨ ਪੰਜਾਬ ਅੰਦਰ ਕਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਵਿਰੋਧੀਆਂ ਦੀਆਂ ਸਰਗਰਮੀਆਂ ਕੁੱਝ ਮੱਠੀਆਂ ਪਈਆਂ, ਪਰ ਹੁਣ ਕੈਬਨਿਟ ਮੰਤਰੀ 'ਤੇ ਬੱਚਿਆਂ ਦੇ ਵਜ਼ੀਫ਼ੇ ਦੀ ਰਕਮ 'ਚ ਘਪਲੇਬਾਜ਼ੀ ਦੇ ਲੱਗੇ ਦੋਸ਼ਾਂ ਤੋਂ ਬਾਅਦ ਵਿਰੋਧੀ ਧਿਰਾਂ ਇਕ ਵਾਰ ਫਿਰ ਸਰਗਰਮ ਹੋ ਗਈਆਂ ਹਨ। ਕਰੋਨਾ ਕਾਲ ਅਤੇ ਵਿੱਤੀ ਕਮਜ਼ੋਰੀਆਂ ਨਾਲ ਜੂਝ ਰਹੀ ਸਰਕਾਰ ਲਈ ਚੋਣਾਂ ਤੋਂ ਪਹਿਲਾਂ ਦਾ ਸਮਾਂ ਕਾਫ਼ੀ ਚੁਨੌਤੀਆਂ ਭਰਪੂਰ ਰਹਿਣ ਦੇ ਅਸਾਰ ਹਨ। ਇਸ ਦੌਰਾਨ ਸਰਕਾਰ ਦੀ ਛੋਟੀ ਤੋਂ ਛੋਟੀ ਕਮੀ ਵੀ ਵਿਰੋਧੀਆਂ ਲਈ ਸੰਜੀਵਨੀ ਦਾ ਕੰਮ ਕਰਦੀ ਜਾਪ ਰਹੀ ਹੈ।