
ਪਿਉ-ਪੁੱਤ ਸਣੇ ਤਿੰਨ ਨੂੰ ਨੰਗਾ ਕਰਨ ਵਾਲੇ ਥਾਣੇਦਾਰ ਦੀ ਗ੍ਰਿਫ਼ਤਾਰੀ ਦਾ ਰਾਹ ਪੱਧਰਾ
ਸੁਪਰੀਮ ਕੋਰਟ ਵਲੋਂ ਐਸ.ਐਸ.ਓ. ਦੀ ਜ਼ਮਾਨਤ ਅਰਜ਼ੀ ਰੱਦ
to
ਚੰਡੀਗੜ੍ਹ, 1 ਸਤੰਬਰ (ਨੀਲ ਭਾਲਿੰਦਰ ਸਿੰਘ) : ਪੰਜਾਬ ਪੁਲਿਸ ਦੇ ਵਿਵਾਦਤ ਐਸ.ਐਚ.ਓ. ਬਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਦਾ ਰਾਹ ਲਗਪਗ ਪੱਧਰਾ ਹੋ ਗਿਆ ਹੈ। ਉਸ ਉਤੇ ਬਤੌਰ ਐਸ.ਐਚ.ਓ. ਥਾਣਾ ਖੰਨਾ ਇਕ ਪਿਉ-ਪੁੱਤ ਸਣੇ 3 ਵਿਅਕਤੀਆਂ ਨੂੰ ਸਿਆਸੀ ਹਿਤਾਂ ਦੀ ਪੂਰਤੀ ਹਿਤ ਥਾਣੇ ਸੱਦਣ ਅਤੇ ਫਿਰ ਅਪਣੇ ਕਮਰੇ ਵਿਚ ਅਲਫ਼ ਨੰਗਾ ਕਰ ਉਨ੍ਹਾਂ ਦੀ ਵੀਡੀਉ ਬਣਾਉਣ ਦੇ ਇਲਜ਼ਾਮ ਹਨ। ਹੁਣ ਤਕ ਗ੍ਰਿਫ਼ਤਾਰੀ ਤੋਂ ਬਚੇ ਹੋਏ ਬਲਜਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਨੇ ਅੱਜ ਨਾ ਮਨਜ਼ੂਰ ਕਰ ਦਿਤੀ ਹੈ।
ਇਸ ਤੋਂ ਪਹਿਲਾਂ ਬਲਜਿੰਦਰ ਸਿੰਘ ਨੇ ਜ਼ਿਲ੍ਹਾ ਅਦਾਲਤਾਂ ਅਤੇ ਫਿਰ ਹਾਈ ਕੋਰਟ 'ਤੇ ਜ਼ਮਾਨਤ ਦੀ ਉਮੀਦ ਲਾਈ ਸੀ ਪਰ ਸਾਰੇ ਪਾਸਿਉਂ ਨਿਰਾਸ਼ ਹੋਣ ਉਪਰੰਤ ਉਸ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ imageਜਿਥੋਂ ਉਸ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਹੋਣ ਮਗਰੋਂ ਉਸ ਕੋਲ ਹੁਣ ਪੁਲਿਸ ਸਾਹਮਣੇ ਆਤਮਸਮਰਪਣ ਕਰ ਦੇਣ ਜਾਂ ਫਿਰ ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ।
ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਐਚ.ਐਸ. ਫ਼ੂਲਕਾ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਹਾਲੇ ਤਕ ਨਾ ਤਾਂ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਉਸ ਤੋਂ ਉਹ ਫ਼ੋਨ ਰਿਕਵਰ ਕੀਤਾ ਹੈ ਜਿਸ ਵਿਚ ਉਸ ਨੇ ਬਾਪ ਬੇਟੇ ਅਤੇ ਇਕ ਤੀਸਰੇ ਵਿਅਕਤੀ ਦੀ ਨਗਨ ਹਾਲਤ ਵਿਚ ਅਪਣੇ ਦਫ਼ਤਰ ਵਿਚ ਵੀਡੀਉ ਬਣਾਈ ਸੀ ਜਿਸ ਨੂੰ ਬਾਅਦ ਵਿਚ ਵਾਇਰਲ ਕਰ ਦਿਤਾ ਗਿਆ।
ਦਸਣਯੋਗ ਹੈ ਕਿ ਬਲਜਿੰਦਰ ਸਿੰਘ ਵਲੋਂ ਇਹ ਵੀਡੀਉ ਵਾਇਰਲ ਕਰ ਦਿਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਸਮੇਤ ਪੰਥਕ ਜਥੇਬੰਦੀਆਂ ਅਤੇ ਸਾਰੀਆਂ ਹੀ ਵਿਰੋਧੀ ਸਿਆਸੀ ਧਿਰਾਂ ਨੇ ਐਸ.ਐਚ.ਓ. ਵਿਰੁਧ ਮੋਰਚਾ ਖੋਲ੍ਹ ਦਿਤਾ ਸੀ ਪਰ ਉਸ ਦੇ ਵਿਰੁਧ ਕਾਰਵਾਈ ਦੇ ਨਾਂਅ 'ਤੇ ਉਸ ਦਾ ਤਬਾਦਲਾ ਫਿਰੋਜ਼ਪੁਰ ਰੇਂਜ ਵਿਚ ਕਰ ਦਿਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਇਸ ਸਬੰਧੀ ਆਈ.ਜੀ. ਨੌਨਿਹਾਲ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਐਸ.ਆਈ.ਟੀ.ਦੀ ਸਿਫਾਰਿਸ਼ 'ਤੇ ਉਕਤ ਐਸ.ਐਚ.ਓ. ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ ਪਰ ਅਜੇ ਤਾਈਂ ਉਹ ਗ੍ਰਿਫ਼ਤਾਰ ਨਹੀਂ ਸੀ ਹੋਇਆ। ਇਹ ਮਾਮਲਾ ਜੂਨ 2019 ਦਾ ਹੈ ਜਦ ਐਸ.ਐਚ.ਓ. ਨੇ ਕਥਿਤ ਤੌਰ 'ਤੇ ਕਾਂਗਰਸ ਦੇ ਇਕ ਆਗੂ ਦੇ ਦਬਾਅ ਹੇਠ ਪਿਉ-ਪੁੱਤਰ ਅਤੇ ਉਨ੍ਹਾਂ ਨਾਲ ਇਕ ਹੋਰ ਵਿਅਕਤੀ ਨੂੰ ਚੁੱਕ ਕੇ ਥਾਣੇ ਲਿਆਂਦਾ ਸੀ ਤਾਂ ਜੋ ਜਾਇਦਾਦ ਦੇ ਝਗੜੇ ਦੇ ਮਾਮਲੇ ਵਿਚ ਉਨ੍ਹਾਂ 'ਤੇ ਦਬਾਅ ਬਣਾਇਆ ਜਾ ਸਕੇ।