
ਭਾਜਪਾ ਆਗੂਆਂ ਵਿਚ ਤਾਲਿਬਾਨੀ
ਰੂਹ ਨੇ ਕੀਤਾ ਪ੍ਰਵੇਸ਼ : ਰਾਕੇਸ਼ ਟਿਕੈਤ
ਕਾਲਾਂਵਾਲੀ, 1 ਸੰਤਬਰ (ਸੁਰਿੰਦਰ ਪਾਲ ਸਿੰਘ) : ਸਿਰਸਾ ਦੇ ਲਾਲ ਬੱਤੀ ਚੌਕ ਵਿਖੇ ਬਾਬਾ ਨਾਨਕ ਤੇਰਾ ਤੇਰਾ ਯਾਦਗਾਰੀ ਮੋਦੀਖਾਨਾ (ਮੈਡੀਕਲ ਹਾਲ) ਦੇ ਉਦਘਾਟਨ ਸਮੇਂ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਯੋਜਨਾਬੱਧ ਢੰਗ ਨਾਲ ਗੁਪਤ ਰੂਪ ਵਿਚ ਕਿਸੇ ਵੱਡੇ ਹਿੰਦੂ ਨੇਤਾ ਦੀ ਹਤਿਆ ਤਕ ਵੀ ਕਰਵਾ ਸਕਦੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਕਿਸਾਨਾਂ ਪ੍ਰਤੀ ਅਪਣਾਏ ਗਏ ਸਖ਼ਤ ਰਵੱਈਏ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਚਾਹੁੰਦੀ ਹੈ ਕਿ ਹਿੰਦੂ ਸਿੱਖ ਮੁਸਲਮਾਨਾਂ ਦੀ ਆਪਸੀ ਲੜਾਈ ਹੋਵੇ ਜਿਸ ਦਾ ਲਾਭ ਸਿੱਧੇ-ਅਸਿੱਧੇ ਰੂਪ ਵਿਚ ਭਾਜਪਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚਾਹੁੰਦਾ ਹੈ ਕਿ ਅੰਦੋਲਨ ਦਾ ਰੁਖ਼ ਦਿੱਲੀ ਦੀ ਬਜਾਏ ਹਰਿਆਣਾ ਬਣੇ ਤਾਕਿ ਅੰਦੋਲਨ ਸੀਮਤ ਹੋ ਜਾਵੇ। ਇਸੇ ਲਈ ਉਹ ਅਜਿਹੀਆਂ ਘਟਨਾਵਾਂ ਕਰਵਾ ਰਹੇ ਹਨ।
ਸਿਰਸਾ ਵਿਖੇ ਬਾਬਾ ਨਾਨਕ ਤੇਰਾ ਤੇਰਾ ਯਾਦਗਾਰੀ ਮੋਦੀਖਾਨਾ (ਮੈਡੀਕਲ ਹਾਲ) ਦੀ ਸਥਾਪਨਾ ਦੇ ਉਪਰਾਲੇ ਨੂੰ ਹੱਲਾਸ਼ੇਰੀ ਦੇਣ ਲਈ ਉਚੇਚੇ ਤੌਰ ’ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੇ ਅਪਣੇ ਅੱਧੇ ਘੰਟੇ ਦੇ ਭਾਸ਼ਣ ਦੌਰਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿਚ ਤਾਲਿਬਾਨੀ ਰਾਜ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਤਾਲਿਬਾਨ ਦਾ ਕਮਾਂਡਰ ਕਰਨਾਲ ਵਿਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਹੁਣ ਦੇਸ਼ ਵਿਦੇਸ਼ ਵਿਚ ਕਿਸਾਨੀ ਸਿੰਬਲ ਬਣ ਚੁਕੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਨਾਲ ਵਿਚ ਨਿਹੱਥੇ ਕਿਸਾਨਾਂ ’ਤੇ ਕੀਤੇ ਗਏ ਵਹਿਸ਼ੀ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐਸ.ਡੀ.ਐਮ ਅਤੇ ਸ਼ੂਕਰੇ ਹੋਏ ਥਾਣੇਦਾਰ ਨੂੰ ਤੁਰਤ ਨੌਕਰੀ ਤੋਂ ਬਰਖਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਨ੍ਹਾਂ ਸਾਰੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸੰਯੁਕਤ ਮੋਰਚੇ ਦੇ ਬੈਨਰ ਹੇਠ ਕਿਸਾਨ ਅੰਦੋਲਨ ਬੜੀ ਤੇਜ਼ੀ ਨਾਲ ਪ੍ਰਗਤੀ ਵਲ ਜਾ ਰਿਹਾ ਹੈ।
ਤਸਵੀਰ-ਸਿਰਸਾ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ