
ਰੇਲਵੇ ਨੇ ਮਾਲ ਢੁਆਈ ਗਾਹਕਾਂ ਲਈ ਨਵਾਂ ਪੋਰਟਲ ਪੇਸ਼ ਕੀਤਾ
ਨਵੀਂ ਦਿੱਲੀ, 1 ਅਕਤੂਬਰ : ਰੇਲਵੇ ਨੇ ਅਪਣੇ ਮਾਲ ਢੁਆਈ ਗਾਹਕਾਂ ਲਈ ਵਿਸ਼ੇਸ਼ ਤੌਰ 'ਤੇ ਇਕ ਪੋਰਟਲ ਤਿਆਰ ਕੀਤਾ ਹੈ। ਇਸ ਨਾਲ ਨਾ ਸਿਰਫ਼ ਭਾੜੇ ਦੇ ਗਾਹਕ ਸਿੱਧੇ ਤੌਰ 'ਤੇ ਅਧਿਕਾਰੀਆਂ ਨਾਲ ਜੁੜ ਸਕਣਗੇ, ਸਗੋਂ ਉਹ ਇਸ 'ਤੇ ਆਪਣੀਆਂ ਸ਼ਿਕਾਇਤਾਂ ਵੀ ਦਰਜ ਕਰਾ ਸਕਣਗੇ। ਰੇਲਵੇ ਨੇ ਆਵਾਜਾਈ ਵਧਾਉਣ ਅਤੇ ਆਮਦਨੀ ਵਧਾਉਣ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਹੈ। ਰੇਲਵੇ ਬੋਰਡ ਦੀ ਹਦਾਇਤਾਂ 'ਤੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਕ੍ਰਿਸ) ਦੀ ਟੀਮ ਨੇ ਢੁਆਈ ਕਾਰੋਬਾਰ ਵਿਕਾਸ (ਐਫ.ਬੀ.ਡੀ.) ਕਰਨ ਲਈ ਪੋਰਟਲ ਤਿਆਰ ਕੀਤਾ ਹੈ।
ਰੇਲਵੇ ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ, 'ਐਫ.ਬੀ.ਡੀ. ਨੂੰ ਵਿਸ਼ੇਸ਼ ਤੌਰ 'ਤੇ 'ਗਾਹਕ ਪਹਿਲੇ' ਦੀ ਧਾਰਣਾ ਨਾਲ ਤਿਆਰ ਕੀਤਾ ਗਿਆ ਹੈ ਅਤੇ ਵਿਕਸਤ ਕੀਤਾ ਗਿਆ ਹੈ'। ਇਸ ਨਾਲ ਨਵੇਂ ਮਾਲ ਢੁਆਈ ਕਰਨ ਵਾਲੇ ਗਾਹਕਾਂ ਨੂੰ ਰੇਲਵੇ ਦੇ ਟ੍ਰਾਂਸਪੋਰਟੇਸ਼ਨ ਕਾਰੋਬਾਰ ਬਾਰੇ ਵੀ ਜਾਣਕਾਰੀ ਮਿਲੇਗੀ। ਰੇਲਵੇ ਦੇ ਟ੍ਰਾਂਸਪੋਰਟੇਸ਼ਨ ਕਾਰੋਬਾਰ ਬਾਰੇ ਜਾਣਕਾਰੀ ਇਸ ਪੋਰਟਲ 'ਤੇ ਉਪਲਬਧ ਕਰਵਾਈ ਗਈ ਹੈ। ਪੋਰਟਲ ਤਕ ਪਹੁੰਚਣਾ ਬਹੁਤ ਸੌਖਾ ਹੈ। ”ਮੰਤਰਾਲੇ ਨੇ ਕਿਹਾ ਕਿ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਇਸ ਸਾਈਟ ਦੇ ਮੌਜੂਦਾ ਗਾਹਕਾਂ ਲਈ ਵੀ ਵਧਾਇਆ ਗਿਆ ਹੈ। ਉਨ੍ਹਾਂ ਨੂੰ ਜੀ.ਆਈ.ਐਸ. ਅਧਾਰਤ ਨਿਗਰਾਨੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦੇ ਜ਼ਰੀਏ ਉਹ ਆਪਣੀਆਂ ਚਿੰਤਾਵਾਂ ਬਾਰੇ ਰੇਲਵੇ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ ਨਵਾਂ ਐਫ.ਬੀ.ਡੀ. ਪੋਰਟਲ ਸੰਭਾਵਿਤ ਭਾੜੇ ਦੇ ਗਾਹਕਾਂ ਨੂੰ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਪ੍ਰਦਾਨ ਕਰਨ ਦਾ ਇਕ ਸਾਧਨ ਹੋਵੇਗਾ। ਗਾਹਕ ਇਸ ਰਾਹੀਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਣਗੇ ਅਤੇ ਅਪਣਾ ਮਾਲ ਢੋਣ ਲਈ ਉਨ੍ਹਾਂ ਦੀ ਮਦਦ ਲੈ ਸਕਣਗੇ। ਇਸ ਤੋਂ ਇਲਾਵਾ, 'ਰੇਲਮਦਦ' ਸ਼ਿਕਾਇਤ ਨਿਵਾਰਣ ਪੋਰਟਲ ਨੂੰ ਵੀ ਨਵੇਂ ਐਫ.ਬੀ.ਡੀ. ਪੋਰਟਲ ਨਾਲ ਜੋੜਿਆ ਗਿਆ ਹੈ। (ਪੀਟੀਆਈ)