
ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ?
ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਕੀਤਾ ਜਾਵੇਗਾ ਮੁਹੱਲਾ ਕਲੀਨਿਕਾਂ 'ਚ ਤਬਦੀਲ
25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਇੱਕ ਕਲੀਨਿਕ
ਮੋਹਾਲੀ : ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ 521 ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦਾ ਦਰਜਾ ਘਟਾਉਣ ਦੀ ਤਿਆਰੀ ਕਰ ਰਹੀ ਹੈ। 'ਆਪ' ਸਰਕਾਰ ਇਨ੍ਹਾਂ ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ 'ਤੇ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੀ ਹੈ। ਇੰਨਾ ਹੀ ਨਹੀਂ, ਇਕ ਪਾਸੇ ਸਰਕਾਰ ਲਗਾਤਾਰ ਕਰਜ਼ੇ ਵਧਾ ਰਹੀ ਹੈ, ਜਦਕਿ ਦੂਜੇ ਪਾਸੇ ਸਰਕਾਰ ਵਲੋਂ 25 ਲੱਖ ਰੁਪਏ ਪ੍ਰਤੀ ਕਲੀਨਿਕ ਖਰਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਪੰਜਾਬ 'ਚ ਸਰਕਾਰ ਬਣਾਉਣ ਤੋਂ ਪਹਿਲਾਂ 'ਆਪ' ਨੇ ਦਿੱਲੀ ਦੀ ਤਰਜ਼ 'ਤੇ ਸੂਬੇ 'ਚ ਮੁਹੱਲਾ ਕਲੀਨਿਕ ਸਥਾਪਤ ਕਰਨ ਦੀ ਗੱਲ ਕੀਤੀ ਸੀ। ਸਰਕਾਰ ਬਣਨ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਸੂਬੇ ਵਿੱਚ 100 ਮੁਹੱਲਾ ਕਲੀਨਿਕ ਖੋਲ੍ਹੇ ਗਏ। ਜਿਸ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ। ਉਦੋਂ ਵੀ ਪੰਜਾਬ ਦੇ ਬੰਦ ਪਏ ਸੇਵਾ ਕੇਂਦਰਾਂ ਵਿੱਚ ਜ਼ਿਆਦਾਤਰ ਕਲੀਨਿਕ ਖੋਲ੍ਹੇ ਗਏ ਸਨ। ਹੁਣ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਲਈ ਪੁਰਾਣੀ ਸਿਹਤ ਪ੍ਰਣਾਲੀ ਨੂੰ ਨਵਾਂ ਰੂਪ ਦੇਣਾ ਚਾਹੁੰਦੀ ਹੈ, ਪਰ ਪੁਰਾਣੀ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਦੀ ਬਜਾਏ ਇਸ ਨੂੰ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
'ਆਪ' ਸਰਕਾਰ 521 ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਸਰਕਾਰ ਨੇ ਕੁੱਲ 130 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਹਰੇਕ ਕਲੀਨਿਕ ’ਤੇ ਵੱਧ ਤੋਂ ਵੱਧ 25 ਲੱਖ ਰੁਪਏ ਖਰਚ ਕਰਨ ਲਈ ਕਿਹਾ ਗਿਆ ਹੈ। ਮੁਹੱਲਾ ਕਲੀਨਿਕਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਅਤੇ ਠੀਕ ਕਰਨ ਲਈ ਕਿਹਾ ਗਿਆ ਹੈ।
PHC/CHC ਅਤੇ ਕਲੀਨਿਕਾਂ ਵਿੱਚ ਅੰਤਰ
ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦੀ ਗੱਲ ਕਰੀਏ ਤਾਂ ਇੱਥੇ ਇਲਾਜ ਪਹਿਲਾਂ ਹੀ ਬਹੁਤ ਉੱਚ ਪੱਧਰੀ ਹੋ ਗਿਆ ਹੈ। ਇਹ ਸੈਂਟਰ ਮੈਡੀਕਲ ਡਾਕਟਰਾਂ ਦੇ ਨਾਲ-ਨਾਲ ਗਾਇਨੀਕੋਲੋਜੀ ਅਤੇ ਦੰਦਾਂ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਇੰਨਾ ਹੀ ਨਹੀਂ ਇੱਥੇ ਕਈ ਸੈਂਟਰਾਂ 'ਚ ਲੈਬ ਵੀ ਹਨ ਅਤੇ ਐਕਸਰੇ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਜੇਕਰ ਇਨ੍ਹਾਂ ਨੂੰ ਡੀ-ਗਰੇਡ ਕਰ ਕੇ ਕਲੀਨਿਕਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇੱਥੇ ਉਪਲਬਧ ਸਹੂਲਤਾਂ ਜਿਵੇਂ ਦੰਦਾਂ, ਗਾਇਨੀਕੋਲੋਜੀ ਆਦਿ 'ਤੇ ਵੀ ਅਸਰ ਪਵੇਗਾ।
ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ
ਪੂਰੇ ਪੰਜਾਬ ਵਿੱਚ 521 ਮੁਹੱਲਾ ਕਲੀਨਿਕ ਖੋਲ੍ਹਣ ਦੀ ਯੋਜਨਾ ਹੈ। ਜਿਨ੍ਹਾਂ ਵਿੱਚ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਵਿੱਚ 44, ਬਰਨਾਲਾ ਵਿੱਚ 12, ਬਠਿੰਡਾ ਵਿੱਚ 24, ਫਰੀਦਕੋਟ ਵਿੱਚ 11, ਫਤਿਹਗੜ੍ਹ ਸਾਹਿਬ ਵਿੱਚ 15, ਫਾਜ਼ਿਲਕਾ ਵਿੱਚ 22, ਫ਼ਿਰੋਜ਼ਪੁਰ ਵਿੱਚ 19, ਗੁਰਦਾਸਪੁਰ ਵਿੱਚ 33, ਹੁਸ਼ਿਆਰਪੁਰ ਵਿੱਚ 33, ਜਲੰਧਰ ਵਿੱਚ 37, ਕਪੂਰਥਲਾ ਵਿਚ 14, ਲੁਧਿਆਣਾ 47, ਮਲੇਰਕੋਟਲਾ 7, ਮਾਨਸਾ ਵਿੱਚ 15, ਮੋਗਾ ਵਿੱਚ 23, ਪਠਾਨਕੋਟ 11, ਪਟਿਆਲਾ ਵਿੱਚ 40, ਰੂਪਨਗਰ ਵਿੱਚ 14, ਐਸਏਐਸ ਨਗਰ ਵਿੱਚ 19, ਸੰਗਰੂਰ ਵਿੱਚ 26, ਐਸਬੀਐਸ ਨਗਰ ਵਿੱਚ 18, ਮੁਕਤਸਰ ਸਾਹਿਬ ਵਿੱਚ 19 ਅਤੇ ਤਰਨਤਾਰਨ ਵਿੱਚ 18 ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਹੇ ਹਨ।