
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੀ ਵਚਨਬੱਧਤਾ, ਇਮਾਨਦਾਰੀ ਅਤੇ ਕਾਰਜਸ਼ੈਲੀ ਨੂੰ ਦੇਖ ਕੇ ਦੇਸ਼ ਦੇ ਲੋਕਾਂ ਲਈ ਹੁਣ ਆਮ ਆਦਮੀ ਪਾਰਟੀ ਹੀ ਇੱਕ ਉਮੀਦ ਬਚੀ ਹੈ। ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਆਪਣੇ ਨਿਵਾਸ 'ਤੇ ਪੰਜਾਬ ਦੇ ਬਲਾਕ ਪੱਧਰ ਤੱਕ ਦੀ ਸਮੁੱਚੀ ਲੀਡਰਸ਼ਿਪ ਨੂੰ ਸੰਬੋਧਨ ਕਰ ਰਹੇ ਸਨ।
AAPਅਰਵਿੰਦ ਕੇਜਰੀਵਾਲ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ 'ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਲੁੱਟਣ ਤੋਂ ਇਲਾਵਾ ਕੁੱਝ ਨਹੀਂ ਕੀਤਾ, ਇਹੋ ਵਜ੍ਹਾ ਹੈ ਕਿ ਅੱਜ ਦਿੱਲੀ ਦੀ ਸਰਕਾਰ ਵੱਲੋਂ ਬਣਾਏ ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਨੂੰ ਸੁਧਾਰਨ ਦੀ ਹਰ ਤਰਫ਼ ਤਾਰੀਫ਼ ਹੋ ਰਹੀ ਹੈ, ਜਦਕਿ ਇਹ ਕੰਮ 50 ਸਾਲ ਪਹਿਲਾਂ ਪਿਛਲੀਆਂ ਸਰਕਾਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਗੁਜਰਾਤ, ਛੱਤੀਸਗੜ੍ਹ, ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਸਮੇਤ ਕਿਸੇ ਵੀ ਸੂਬੇ 'ਚ ਦਿੱਲੀ ਵਰਗੇ ਸਕੂਲ ਨਹੀਂ ਬਣੇ।
ਕੇਜਰੀਵਾਲ ਨੇ ਹਰ ਸਮੱਸਿਆ ਦੀ ਜੜ੍ਹ ਦੇਸ਼ ਦੇ ਭ੍ਰਿਸ਼ਟ ਸਿਆਸੀ ਤੰਤਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਅਕਾਲੀ ਦਲ ਅਤੇ ਭਾਜਪਾ ਨੂੰ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਕੈਪਟਨ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਲੋਕਾਂ 'ਚ ਇਸ ਧੋਖੇ ਵਿਰੁੱਧ ਬੇਹੱਦ ਗ਼ੁੱਸਾ ਹੈ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਹੈ, ਇਸ ਲਈ ਹੁਣ ਸਭ ਆਪਸੀ ਗੁੱਸੇ-ਗਿਲੇ ਭੁੱਲ ਕੇ ਲੋਕਾਂ ਦੇ ਮੁੱਦਿਆਂ ਦੀ ਡੱਟ ਕੇ ਲੜਾਈ ਲੜੋ।
AAP Membersਇਸ ਦੌਰਾਨ ਕੇਜਰੀਵਾਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਸਵਾਲ-ਜਵਾਬ ਸੈਸ਼ਨ ਕੀਤਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਸੱਦਾ ਦਿੱਤਾ ਕਿ ਉਹ ਦਿੱਲੀ ਸਰਕਾਰ ਵੱਲੋਂ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਲੋਕ ਭਲਾਈ ਯੋਜਨਾਵਾਂ ਦੀ ਹੋਮ ਡਲੀਵਰੀ ਵਰਗੇ ਕੰਮ ਖੁਦ ਆ ਕੇ ਅੱਖੀਂ ਵੇਖਣ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਪੰਜਾਬ 'ਚ ਹਾਲ ਹੀ ਦੌਰਾਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਰੀਬ 7000 ਪਿੰਡਾਂ 'ਚ 'ਆਪ' ਦੇ ਪੰਚ ਅਤੇ ਸਰਪੰਚ ਬਣਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਕਰੀਬ ਅੱਧੇ ਪੰਜਾਬ ਨੇ 'ਆਪ' 'ਤੇ ਭਰੋਸਾ ਜਤਾਇਆ ਹੈ।
ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਬਹੁਤ ਸਾਰੀਆਂ ਵਿਰੋਧੀ ਤਾਕਤਾਂ, 'ਆਪ' ਤੋਂ ਡਰਦੀਆਂ ਹਨ ਅਤੇ ਪੰਜਾਬ 'ਚ 'ਆਪ' ਨੂੰ ਦਿੱਲੀ ਬਨਾਮ ਪੰਜਾਬ 'ਚ ਵੰਡਣ ਦੀ ਤਾਕ 'ਚ ਰਹਿੰਦੀਆਂ ਹਨ। ਅਜਿਹੀਆਂ ਵਿਰੋਧੀ ਤਾਕਤਾਂ ਨੂੰ ਠੋਕ ਕੇ ਜਵਾਬ ਦਿਓ ਕਿ ਪੰਜਾਬੀ ਜਿੰਨਾ ਪੰਜਾਬੀ ਹੈ, ਉਨ੍ਹਾਂ ਹੀ ਹਿੰਦੁਸਤਾਨੀ ਹੈ। ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਇਸ ਗੱਲ ਦਾ ਜਿੰਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੋ ਮੈਂ ਦੀ ਲੜਾਈ ਲੜਦੇ ਸਨ, ਉਨ੍ਹਾਂ ਲਈ ਸਖ਼ਤ ਫ਼ੈਸਲੇ ਵੀ ਲੈਣੇ ਜ਼ਰੂਰੀ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਜਿੰਨਾ ਵਲੰਟੀਅਰਾਂ, ਅਹੁਦੇਦਾਰਾਂ ਅਤੇ ਆਗੂਆਂ ਨੇ ਔਖੇ ਸਮੇਂ ਵਿਚ ਵੀ ਪਾਰਟੀ ਦਾ ਡਟ ਕੇ ਸਾਥ ਦਿੱਤਾ ਅਤੇ ਪਾਰਟੀ ਨੂੰ ਸੰਕਟ ਵਿਚੋਂ ਕੱਢਿਆ ਪਾਰਟੀ ਉਨ੍ਹਾਂ ਨੂੰ ਸਲੂਟ ਕਰਦੀ ਹੈ। ਇਸ ਮੌਕੇ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਦੇਸ਼ ਲਈ ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਮੈਂ ਨੂੰ ਤਿਆਗ ਕੇ ਲੋਕਾਂ ਦੀ ਲੜਾਈ ਲੜਦਾ ਹੈ, ਆਮ ਆਦਮੀ ਪਾਰਟੀ ਉਸ ਲਈ ਹੀ ਬਣੀ ਹੈ, ਪਰੰਤੂ ਜੋ ਕੇਵਲ ਖ਼ੁਦ 'ਤੇ ਕੇਂਦਰ ਹੈ ਉਸ ਲਈ ਕਾਂਗਰਸ, ਅਕਾਲੀ ਅਤੇ ਭਾਜਪਾ 'ਚ ਦਰਵਾਜ਼ੇ ਖੁੱਲ੍ਹੇ ਹਨ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ 'ਚ ਅਨੁਸ਼ਾਸਨ ਸਰਵੋਤਮ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਤੋਂ ਬਿਨਾ ਘਰ ਵੀ ਨਹੀਂ ਚੱਲ ਸਕਦਾ। ਮਾਨ ਨੇ ਕਿਹਾ ਕਿ 'ਆਪ' ਲੋਕਾਂ ਦੇ ਮੁੱਦਿਆਂ ਦੀ ਲੜਾਈ ਸੜਕ ਤੋਂ ਤੋਂ ਲੈ ਕੇ ਸੰਸਦ ਤੱਕ ਲੜਦੀ ਆ ਰਹੀ ਹੈ। ਭਵਿੱਖ 'ਚ ਇਹ ਲੜਾਈ ਹੋਰ ਤੀਬਰਤਾ ਨਾਲ ਲੜੀ ਜਾਵੇਗੀ। ਬਿਜਲੀ, ਬੇਰੁਜ਼ਗਾਰੀ, ਕਿਸਾਨੀ, ਮਜ਼ਦੂਰੀ ਆਦਿ ਉੱਤੇ ਜਨ-ਅੰਦੋਲਨ ਸ਼ੁਰੂ ਕੀਤੇ ਜਾਣਗੇ। ਜੋ ਔਖੇ ਸਮੇਂ 'ਚ ਵੀ 'ਆਪ' 'ਚ ਰਹਿ ਕੇ ਪੰਜਾਬ ਦੀ ਲੜਾਈ ਲੜਦੇ ਰਹੇ, ਅੱਜ ਪਾਰਟੀ ਨੂੰ ਉਨ੍ਹਾਂ ਦੀ ਵਫ਼ਾਦਾਰੀ ਦਾ ਹੋਰ ਇਮਤਿਹਾਨ ਲੈਣ ਦੀ ਲੋੜ ਨਹੀਂ ਰਹਿ ਗਈ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਅਮਨ ਅਰੋੜਾ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।