
ਕਿਸਾਨ ਮੋਰਚੇ 'ਚ ਸਾਥ ਦੇਣ ਤੋਂ ਬਾਅਦ ਵਕੀਲਾਂ ਵੱਲੋਂ ਕਿਸਾਨਾਂ ਦਾ ਸਿਆਸਤ 'ਚ ਵੀ ਸਾਥ ਦੇਣ ਦਾ ਐਲਾਨ
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਕਿਸਾਨ ਅੰਦੋਲਨ ਫਤਹਿ ਕਰਨ ਮਗਰੋਂ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲ਼ਾਨ ਕੀਤਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੂੰ ਕਈ ਧਿਰਾਂ ਦਾ ਸਮਰਥਨ ਮਿਲਿਆ ਹੈ। ਕਿਸਾਨ ਮੋਰਚੇ 'ਚ ਸਾਥ ਦੇਣ ਤੋਂ ਬਾਅਦ ਵਕੀਲਾਂ ਵੱਲੋਂ ਵੀ ਕਿਸਾਨਾਂ ਦਾ ਸਿਆਸਤ 'ਚ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ। ਵਕੀਲ ਬੀਬੀਆਂ ਨੇ ਸਿਆਸਤਦਾਨਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਸਾਨੂੰ ਮੰਗਤੇ ਨਾ ਬਣਾਓ, ਸਾਨੂੰ ਬਾਹਰ ਜਾਣ ਲਈ ਕਰਜ਼ਾ ਨਹੀਂ ਚਾਹੀਦਾ ਸਗੋਂ ਸਾਨੂੰ ਉਚੇਰੀ ਪੜਾਈ ਲਈ ਕਰਜ਼ਾ ਦਿੱਤਾ ਜਾਵੇ।
Advocates also announced to support Farmers in politics
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਨੌਜਵਾਨ ਕਿਸਾਨ ਆਗੂਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਅਤੇ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਅੰਦੋਲਨ ਨੂੰ ਸੰਭਾਲਿਆ ਹੈ। ਜੇਕਰ ਇਹ ਨੌਜਵਾਨ ਪੰਜਾਬ ਦੀ ਸਿਆਸਤ ਵਿਚ ਆਉਣਗੇ ਤਾਂ ਇਸ ਨਾਲ ਪੰਜਾਬ ਬਦਲਾਅ ਵੱਲ ਵਧੇਗਾ।
ਉਹਨਾਂ ਕਿਹਾ ਕਿ ਸਾਨੂੰ ਸਿਆਸਤ ਤੋਂ ਪਰਾਂ ਹੋ ਕੇ ਚੰਗੇ ਅਤੇ ਇਮਾਨਦਾਰ ਉਮੀਦਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਸਿਮਰਨਜੀਤ ਕੌਰ ਨੇ ਕਿਹਾ ਕਿ ਜੇਕਰ ਸਾਨੂੰ ਕਿਸਾਨ ਆਗੂਆਂ ਵਿਚੋਂ ਹੀ ਕੋਈ ਚੰਗਾ ਆਗੂ ਮਿਲਦਾ ਹੈ ਤਾਂ ਇਸ ਵਿਚ ਕੋਈ ਮਾੜੀ ਗੱਲ਼ ਨਹੀਂ ਹੈ। ਚੋਣਾਂ ਲੜਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਐਡਵੋਕੇਟ ਸਿਮਰਨਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ।
ਇਸ ਦੌਰਾਨ ਐਡਵੋਕੇਟ ਰਮਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਭ੍ਰਿਸ਼ਟ ਹੋ ਚੁੱਕੀਆਂ ਹਨ ਅਤੇ ਉਹ ਨੌਜਵਾਨਾਂ ਅੱਗੇ ਆਉਣ ਦਾ ਮੌਕਾ ਨਹੀਂ ਦੇ ਰਹੀਆਂ। ਉਹਨਾਂ ਵਲੋਂ ਪਰਿਵਾਰਵਾਦ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਦੀ ਸੋਚ ਨਵੀਂ ਹੈ ਅਤੇ ਉਹਨਾਂ ਨੂੰ ਦੇਖ ਕੇ ਲੋਕਾਂ ਨੇ ਬਹੁਤ ਕੁੱਝ ਸਿੱਖਿਆ ਹੈ। ਕਿਸਾਨ ਜਥੇਬੰਦੀਆਂ ਪੰਜਾਬ ਵਿਚ ਬਦਲਾਅ ਲਿਆਉਣ ਲਈ ਸਿਆਸਤ ਵਿਚ ਉਤਰੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਚੰਗੇ ਭਵਿੱਖ ਲਈ ਕਿਸਾਨਾਂ ਦਾ ਸਮਰਥਨ ਕਰ ਰਹੇ ਹਾਂ ਪਰ ਜੇਕਰ ਭਵਿੱਖ ਵਿਚ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤਾਂ ਉਹਨਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਪੰਜਾਬ ਲਈ ਲੜਨ ਵਾਲੇ ਦਾ ਹਰ ਤਰੀਕੇ ਨਾਲ ਸਾਥ ਦਿੱਤਾ ਜਾਵੇਗਾ।
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਐਡਵੋਕੇਟ ਤਾਨਿਆ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਬਦਲਾਅ ਦੀ ਲੋੜ ਹੈ। ਕਿਸਾਨ ਅੰਦੋਲਨ ਸਦਕਾ ਹੁਣ ਆਮ ਲੋਕ ਅਤੇ ਔਰਤਾਂ ਜਾਗਰੂਕ ਹੋ ਚੁੱਕੇ ਹਨ। ਕਿਸਾਨ ਅੰਦੋਲਨ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲੇ ਹਨ, ਜੇਕਰ ਕਿਸਾਨ ਸਿਆਸਤ ਵਿਚ ਆਏ ਹਨ ਤਾਂ ਸਾਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਐਡਵੋਕੇਟ ਨਵਜੋਤ ਕੌਰ ਦਾ ਕਹਿਣਾ ਹੈ ਕਿ ਲੋਕਾਂ ਦੀ ਮੰਗ ਸੀ ਕਿ ਕਿਸਾਨ ਚੋਣਾਂ ਲੜਨ ਕਿਉਂਕਿ ਉਹਨਾਂ ਕੋਲ ਹੋਰ ਕੋਈ ਬਦਲ ਨਹੀਂ ਸੀ। ਇਸ ਲਈ ਉਹਨਾਂ ਨੇ ਸਿਆਸਤ ਵਿਚ ਕਦਮ ਰੱਖਿਆ ਹੈ, ਇਸ ਲਈ ਸਾਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਸਿਆਸਤਦਾਨਾਂ ਵਲੋਂ ਔਰਤਾਂ ਲਈ ਕੀਤੇ ਜਾ ਰਹੇ ਮੁਫਤ ਐਲ਼ਾਨਾਂ ਬਾਰੇ ਐਡਵੋਕੇਟ ਬੀਬੀਆਂ ਨੇ ਕਿਹਾ ਕਿ ਔਰਤਾਂ ਸਿਆਸਤਦਾਨਾਂ ਦੀਆਂ ਇਹਨਾਂ ਗੱਲਾਂ ਵਿਚ ਨਹੀਂ ਆਉਣਗੀਆਂ ਕਿਉਂਕਿ ਹੁਣ ਉਹ ਜਾਗਰੂਕ ਹੋ ਚੁੱਕੀਆਂ ਹਨ। ਸਾਨੂੰ ਮੁਫਤ ਦੀਆਂ ਚੀਜ਼ਾਂ ਨਹੀਂ ਸਗੋਂ ਸਸਤੀਆਂ ਚੀਜ਼ਾਂ ਚਾਹੀਦੀਆਂ ਹਨ।