
ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲ ਵਿਚ ਵੋਟਾਂ ਮੰਗਣ ਗਏ ਭਾਜਪਾ ਵਰਕਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਬਠਿੰਡਾ: ਜ਼ਿਲ੍ਹੇ ਦੇ ਪਿੰਡ ਫੂਲ ਵਿਚ ਵੋਟਾਂ ਮੰਗਣ ਗਏ ਭਾਜਪਾ ਵਰਕਰਾਂ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਵਰਕਰਾਂ ਨੂੰ ਤਿੱਖੇ ਸਵਾਲ ਕੀਤੇ, ਜਿਨ੍ਹਾਂ ਦਾ ਭਾਜਪਾ ਵਰਕਰਾਂ ਕੋਲ ਕੋਈ ਜਵਾਬ ਨਹੀਂ ਸੀ। ਕਿਸਾਨਾਂ ਨੇ ਭਾਜਪਾ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ, ਉਦੋਂ ਤੱਕ ਭਾਜਪਾ ਦਾ ਵਿਰੋਧ ਹੁੰਦਾ ਰਹੇਗਾ।
ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਭਾਜਪਾ ਵਰਕਰ ਚੋਣ ਪ੍ਰਚਾਰ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਚ ਪਹੁੰਚੇ ਸਨ। ਜਦੋਂ ਇਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਭਾਜਪਾ ਵਰਕਰਾਂ ਨੂੰ ਖੜ੍ਹੇ ਕਰਕੇ ਸਵਾਲ ਕੀਤੇ। ਕਿਸਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ।
ਭਾਜਪਾ ਵਰਕਰਾਂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ ਪਰ ਜਦੋਂ ਕਿਸਾਨਾਂ ਨੇ ਉਹਨਾਂ ਨੂੰ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਬਾਰੇ ਸਵਾਲ ਕੀਤਾ ਤਾਂ ਉਹ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਕਿਸਾਨਾਂ ਨੇ ਭਾਜਪਾ ਵਰਕਰਾਂ ਨੂੰ ਦੱਸਿਆ ਕਿ ਉਹ ਭਾਜਪਾ ਦੀ ਰੈਲੀ ਦਾ ਵੀ ਵੱਡੇ ਪੱਧਰ ’ਤੇ ਵਿਰੋਧ ਕਰਨਗੇ। ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਵਰਕਰਾਂ ਨੂੰ ਪਿੰਡ ਦੇ ਬਾਹਰੋਂ ਹੀ ਵਾਪਸ ਮੁੜਨਾ ਪਿਆ।