
ਨਵਜੋਤ ਸਿੱਧੂ ਦੇ ਹੱਕ 'ਚ ਆਏ ਸ਼ਮਸ਼ੇਰ ਸਿੰਘ ਦੂਲੋਂ
ਚੰਡੀਗੜ੍ਹ (ਅਮਨਪ੍ਰੀਤ ਕੌਰ): ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਅਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਮਾਫੀਆ ਰਾਜ ਨੂੰ ਖ਼ਤਮ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਦਲੀ ਸੀ ਪਰ ਜੇਕਰ ਇਸ ਤੋਂ ਬਾਅਦ ਵੀ ਉਹੀ ਕੁਝ ਹੋਣਾ ਸੀ ਤਾਂ ਸਰਕਾਰ ਬਦਲਣ ਦੀ ਕੀ ਲੋੜ ਸੀ? ਉਹਨਾਂ ਕਿਹਾ ਕਿ ਐਸਸੀ ਸਕਾਲਰਸ਼ਿਪ ਘੁਟਾਲੇ ਅਤੇ ਗੈਰਕਾਨੂੰਨੀ ਡਿਸਟਲਰੀ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਸਬੰਧੀ ਸੀਬੀਆਈ ਜਾਂਚ ਲਈ ਉਹਨਾਂ ਨੇ ਗਵਰਨਰ ਨੂੰ ਵੀ ਮੰਗ ਪੱਤਰ ਸੌਂਪਿਆ ਸੀ। ਦੂਲੋਂ ਦਾ ਕਹਿਣਾ ਹੈ ਕਿ ਦਲਿਤ ਭਾਈਚਾਰੇ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਐਸਸੀ ਸਕਾਲਰਸ਼ਿਪ ਅਤੇ ਗੈਰਕਾਨੂੰਨੀ ਡਿਸਟਲਰੀ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਨਾ ਹੋਣਾ ਮੰਦਭਾਗਾ ਹੈ। ਨਵਜੋਤ ਸਿੱਧੂ ਦਾ ਸਮਰਥਨ ਕਰਦਿਆਂ ਦੂਲੋਂ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਮਾਫੀਆ ਖਿਲਾਫ਼ ਗੱਲ ਕਰਦੇ ਹਨ, ਉਹ ਬੇਅਦਬੀ ਮਸਲੇ ਨੂੰ ਚੁੱਕਦੇ ਹਨ, ਉਹਨਾਂ ਕੋਲ ਏਜੰਡਾ ਹੈ, ਜੇਕਰ ਕਾਂਗਰਸ ਦੀ ਸਰਕਾਰ ਹੈ ਤਾਂ ਉਸ ਵਿਚ ਪ੍ਰਧਾਨ ਦੀ ਗੱਲ ਵੀ ਸੁਣਨੀ ਚਾਹੀਦੀ ਹੈ।
ਦੂਲੋਂ ਨੇ ਕਿਹਾ ਕਿ ਸੀਐਮ ਚੰਨੀ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਕਾਰਵਾਈ ਦਾ ਦਾਅਵਾ ਕਰ ਰਹੇ ਹਨ, ਜੇਕਰ ਉਹ ਸੱਚ ਵਿਚ ਹੀ ਡਰੱਗ ਮਾਫੀਆ ਖਤਮ ਕਰਨਾ ਚਾਹੁੰਦੇ ਹਨ ਤਾਂ ਗੈਰ ਕਾਨੂੰਨੀ ਡਿਸਟਿਲਰੀਆਂ ਦੇ ਮਾਲਕਾਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਮਾਫੀਆ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਦੂਲੋਂ ਨੇ ਕਿਹਾ ਕਿ ਉਹ ਜਿਹੜੇ ਐਲਾਨ ਪੰਜਾਬ ਵਿਚ ਕਰ ਰਹੇ ਹਨ ਪਹਿਲਾਂ ਉਹਨਾਂ ਨੂੰ ਦਿੱਲੀ ਵਿਚ ਲਾਗੂ ਕਰਨ, ਫਿਰ ਪੰਜਾਬ ਦੇ ਲੋਕ ਉਹਨਾਂ ਉੱਤੇ ਯਕੀਨ ਕਰਨਗੇ।
ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਬਚਾ ਸਕਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵੀ ਚੰਗੇ ਆਗੂਆਂ ਨੂੰ ਅੱਗੇ ਕਰਨਾ ਚਾਹੀਦਾ ਹੈ। ਭਾਜਪਾ ਵਿਚ ਸ਼ਾਮਲ ਹੋਏ ਆਗੂਆਂ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਹਰ ਕਿਸੇ ਦੀ ਅਪਣੀ-ਅਪਣੀ ਸਮਝ ਹੈ, ਕਿਸੇ ਨੂੰ ਲਾਲਚ ਹੈ ਅਤੇ ਕੋਈ ਕਿਸੇ ਡਰ ਕਾਰਨ ਭਾਜਪਾ ਵਿਚ ਸ਼ਾਮਲ ਹੋ ਰਿਹਾ ਹੈ, ਜਿਨ੍ਹਾਂ ਨੇ ਗਲਤ ਕੰਮ ਕੀਤੇ ਇਹ ਡਰ ਉਹਨਾਂ ਨੂੰ ਹੀ ਹੈ।