
ਆਪ ਦੇ ਵਾਕ ਆਊਟ ਨਾਲ ਕੇਜਰੀਵਾਲ ਦਾ ਦੋਹਰਾ ਚਿਹਰਾ ਬੇਨਕਾਬ: ਕੈਪਟਨ
ਚੰਡੀਗੜ੍ਹ, 2 ਫ਼ਰਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿਚ ਮਤਾ ਪਾਸ ਕਰਨ ਤੋਂ ਕੁੱਝ ਮਿੰਟ ਪਹਿਲਾਂ ਸਰਬ ਪਾਰਟੀ ਮੀਟਿੰਗ ਵਿਚੋਂ ਵਾਕ-ਆਊਟ ਕਰ ਜਾਣ ’ਤੇ ਆਮ ਆਦਮੀ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਦੋਗਲਾ ਚਿਹਰਾ ਇਕ ਵਾਰ ਫੇਰ ਬੇਪਰਦ ਹੋ ਗਿਆ ਜੋ ਕਿਸਾਨਾਂ ਦੇ ਮਾਮਲਿਆਂ ’ਤੇ ਅਪਣੇ ਸੌੜੇ ਸਿਆਸੀ ਮੁਫ਼ਾਦ ਪਾਲ ਰਹੀ ਹੈ।
ਦਿੱਲੀ ਦੀਆਂ ਸਰਹੱਦਾਂ ’ਤੇ ਸੂਬੇ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਸੁਰੱਖਿਆ ਮੁਹਈਆ ਕਰਵਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕਰਨ ਵਾਸਤੇ ਆਪ ਦੀ ‘ਬੇਹੂਦਾ ਅਤੇ ਜ਼ਾਹਰਾ ਤੌਰ ’ਤੇ ਗ਼ੈਰ-ਕਾਨੂੰਨੀ’ ਮੰਗ ਨੂੰ ਮੁੱਖ ਮੰਤਰੀ ਵਲੋਂ ਮੰਨਣ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਆਪ ਮੈਂਬਰ ਮੀਟਿੰਗ ਵਿਚੋਂ ਵਾਕਆਊਟ ਕਰ ਗਏ।
ਮੁੱਖ ਮੰਤਰੀ ਨੇ ਕਿਹਾ,‘‘ਲਗਪਗ ਚਾਰ ਘੰਟੇ ਚੱਲੀ ਮੀਟਿੰਗ ਵਿਚ ਸੰਕਟ ਦੀ ਇਸ ਘੜੀ ’ਚ ਬਾਕੀ ਪੰਜਾਬ ਦੇ ਨਾਲ ਕਿਸਾਨਾਂ ਦੇ ਹੱਕ ਵਿਚ ਡਟੇ ਹੋਣ ਦਾ ਖੇਖਣ ਕਰਨ ਤੋਂ ਬਾਅਦ ਆਪ ਮੈਂਬਰਾਂ ਨੇ ਉਸ ਮੰਗ ਨੂੰ ਲੈ ਕੇ ਵਾਕ-ਆਊਟ ਕਰ ਦਿਤਾ, ਜਿਸ ਨੂੰ ਸੂਬਾ ਸਰਕਾਰ ਨਹੀਂ ਮੰਨ ਸਕਦੀ।’’
ਉਨ੍ਹਾਂ ਕਿਹਾ,‘‘ਸਪੱਸ਼ਟ ਤੌਰ ’ਤੇ ਮੀਟਿੰਗ ਦੀ ਸ਼ੂਰਆਤ ਤੋਂ ਹੀ ਆਪ ਮੈਂਬਰਾਂ ਵਲੋਂ ਸੂਬਾ ਅਤੇ ਇੱਥੋਂ ਦੇ ਕਿਸਾਨਾਂ ਦਾ ਸਮਰਥਨ ਕਰਨ ਦੀ ਕੋਈ ਨੀਅਤ ਨਹੀਂ ਸੀ ਜਿਸ ਦਾ ਪਤਾ ਇਸ ਮਤੇ ਉਤੇ ਇਕਮਤ ਹੋਣ ਦੀ ਸਹਿਮਤੀ ਪ੍ਰਗਟਾਉਣ ਤੋਂ ਕੁਝ ਮਿੰਟ ਪਹਿਲਾਂ ਹੀ ਵਾਕ-ਆਊਟ ਕੀਤੇ ਜਾਣ ਤੋਂ ਲਗਦਾ ਹੈ।