
ਕਿਹਾ, ਬੁੱਢੇ ਦਰਿਆ ਦਾ ਪਾਣੀ ਪੀਣ ਯੋਗ ਬਣਾ ਕੇ ਹਟਾਂਗੇ
ਲੁਧਿਆਣੇ ਦਾ ਬੁੱਢਾ ਦਰਿਆ ਜੋ ਸਾਫ਼ੀ ਸਮੇਂ ਤੋਂ ਬਿਆਸਤ ਦੀ ਭੇਟ ਚੜਿ੍ਹਆ ਹੋਇਆ ਸੀ ਤੇ ਇਸ ਦਰਿਆ ਨਾਲ ਲੱਗਦੇ ਲਗਭਗ 50 ਪਿੰਡ ਇਸ ਦੇ ਜ਼ਹਿਰੀਲੇ ਪਾਣੀ ਤੋਂ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਨਹੀਂ ਮਿਲ ਰਿਹਾ ਜਿਸ ਕਰ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਾਲਾ ਪੀਲੀਆ, ਕੈਂਸਰ, ਚਮੜੀ ਦੇ ਰੋਗ ਆਦਿ ਲੱਗ ਰਹੇ ਹਨ।
ਜਿਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬੁੱਢੇ ਦਰਿਆ ਦੇ ਜ਼ਹਿਰੀਲੇ ਪਾਣੀ ਕਰ ਕੇ ਸਾਨੂੰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਡੀ ਆਉਣ ਵਾਲੀ ਪੀੜ੍ਹੀ ਖ਼ਤਰੇ ਵਿਚ ਹੈ। ਇਸੇ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਹਿਲਾਂ ਬੁੱਢੇ ਦਰਿਆ ਵਿਚ ਇਕ ਆਰ ਜੀ ਪੰਪਿੰਗ ਸਟੇਸ਼ਨ ਬਣਾਇਆ ਤੇ ਇਸ ਗੰਦੇ ਪਾਣੀ ਨੂੰ ਐਸਸੀਪੀ ਤੱਕ ਪਹੁੰਚਦਾ ਕੀਤਾ।
ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਅਸੀਂ ਬੁੱਢੇ ਦਰਿਆ ਵਿਚ ਨਹਾਉਂਦੇ, ਕਪੜੇ ਧਂੋਦੇ, ਪਸ਼ੂਆਂ ਨੂੰ ਪਾਣੀ ਪਿਲਉਂਦੇ ਆਦਿ ਹੁੰਦੇ ਸਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸੀਚੇਵਾਲ ਨੇ ਹੁਣ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਜ਼ਿੰਮਾ ਆਪ ਚੁੱਕਿਆ ਹੈ। ਬੁੱਢੇ ਦਰਿਆ ’ਤੇ ਹੁਣ ਇਕ ਘਾਟ ਬਣਾਇਆ ਜਾ ਰਿਹਾ ਹੈ ਜਿਥੇ ਹੁਣ ਲੋਕ ਇਸ਼ਨਾਨ ਕਰਨਗੇ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨਾ ਕਿਹਾ ਕਿ ਬੁੱਢਾ ਦਰਿਆ ਸੀ ਤੇ ਬੁੱਢਾ ਦਰਿਆ ਹੀ ਰਹੇਗਾ ਉਹ ਨਾਲਾ ਨਹੀਂ ਬਣੇਗਾ।
ਉਨ੍ਹਾਂ ਕਿਹਾ ਕਿ ਜਿਵੇਂ ਇਕ ਹੀਰੇ ਨੂੰ ਅਸੀਂ ਮਿੱਟੀ ਵਿਚ ਦੱਬ ਦਈਏ ਤੇ ਬਾਅਦ ਵਿਚ ਕੱਢ ਕੇ ਪਾਣੀ ਨਾਲ ਧੋ ਦਈਏ ਉਹ ਹੀਰਾ ਹੀ ਰਹੇਗਾ ਇਸੇ ਤਰ੍ਹਾਂ ਬੁੱਢਾ ਦਰਿਆ ਨੂੰ ਵੀ ਅਸੀਂ ਸਾਫ਼ ਕਰਾਂਗੇ ਤੇ ਇਕ ਸਾਫ਼ ਸੁਥਰਾ ਦਰਿਆ ਬਣਾਵਾਂਗੇ। ਉਨ੍ਹਾਂ ਕਿਹਾ ਕਿ ਬੁੱਢੇ ਦਰਿਆ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਪਈ ਸੀ ਜਿਸ ਕਰ ਕੇ ਇਸ ਨੂੰ ਬੂਢਾ ਦਰਿਆ ਕਿਹਾ ਜਾਂਦਾ ਹੈ ਪਰ ਸਾਡੇ ਲੋਕਾਂ ਨੇ ਆਪਣੀਆਂ ਫ਼ੈਕਟਰੀ, ਡੇਅਰੀਆਂ ਤੇ ਇਸ ਨਾਲ ਲੱਗਦੇ 8 ਪਿੰਡਾਂ ਨੇ ਆਪਣਾ ਪਾਣੀ ਇਸ ਦਰਿਆ ਵਿਚ ਸੁੱਟਿਆ ਹੈ ਜਿਸ ਨਾਲ ਇਸ ਦਾ ਪਾਣੀ ਗੰਧਲਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਸਨ ਨੇ ਪਹਿਲਾਂ ਉਨ੍ਹਾਂ ਅੱਠ ਪਿੰਡਾਂ ਦਾ ਦੌਰਾ ਕੀਤਾ ਤੇ ਬਾਅਦ ਵਿਚ ਫ਼ੈਕਟਰੀਆਂ ਤੇ ਡੇਅਰੀਆਂ ਵਾਲਿਆਂ ਨੂੰ ਨੋਟਿਸ ਭੇਜਿਆ ਪਰ ਉਨ੍ਹਾਂ ਨੇ ਉਸ ’ਤੇ ਕੋਈ ਅਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਫਿਰ ਇਨ੍ਹਾਂ ਫ਼ੈਕਟਰੀਆਂ ਤੇ ਡੇਅਰੀਆਂ ਵਾਲਿਆਂ ਨੂੰ ਸੱਦਿਆ ਸੀ ਤੇ ਪੁਛਿਆ ਸੀ ਕਿ ਇਹ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ ਇਸ ਦਰਿਆ ਵਿਚ ਤੁਸੀਂ ਆਪਣਾ ਗੰਦਾ ਪਾਣੀ ਕਿਉਂ ਸੁੱਟਦੇ ਹੋ ਤਾਂ ਉਨ੍ਹਾਂ ਫ਼ੈਟਰੀਆਂ ਤੇ ਡੇਅਰੀ ਮਾਲਕਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਪ੍ਰਬੰਧ ਨਾ ਹੋਣ ਕਰ ਕੇ ਅਸੀਂ ਆਪਣਾ ਪਾਣੀ ਇਸ ਦਰਿਆ ਵਿਚ ਸੁੱਟਦੇ ਹਾਂ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਦਰਿਆ ਵਿਚ ਆਪਣੇ ਪਸ਼ੂਆਂ ਦਾ ਗੋਹਾ ਤੇ ਪਿਸ਼ਾਬ ਵੀ ਸੁੱਟਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਿੰਡਾਂ ਦੇ ਲੋਕਾਂ, ਫ਼ੈਕਟਰੀਆਂ ਤੇ ਡੇਅਰੀ ਦੇ ਮਾਲਕਾਂ ਨੂੰ ਕਿਹਾ ਕਿ ਤੁਸੀਂ ਦੱਸੋ ਕੇ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਜਿਸ ਨਾਲ ਤੁਸੀਂ ਦਰਿਆ ਵਿਚ ਆਪਣਾ ਗੰਦਾ ਪਾਣੀ ਸੁਟਣ ਤੋਂ ਹਟ ਜਾਵੋਗੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਵਲੋਂ ਸੁੱਟਿਆ ਗੋਹਾ ਵੀ ਚੁੱਕ ਰਹੇ ਹਾਂ ਤੇ ਪੰਚਾਇਤਾਂ ਨੂੰ ਵੈਕਿਊਮ ਪੰਪ ਵੀ ਉਪਲਬਧ ਕਰਵਾ ਰਹੇ ਹਾਂ ਤਾਂ ਜੋ ਉਹ ਇਹ ਨਾ ਕਹਿ ਸਕਣ ਕਿ ਸਾਡੇ ਕੋਲ ਪੰਪ ਨਾ ਹੋਣ ਕਰ ਕੇ ਆਪਣਾ ਪਾਣੀ ਨਹੀਂ ਕੱਢ ਸਕਦੇ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਤੇ ਅਸੀਂ ਬਿਲਕੁਲ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਗੋਹਾ ਸੁੱਟਣ ਲਈ ਅਸੀਂ ਪੰਜ ਕਿੱਲੇ ਠੇਕੇ ’ਤੇ ਵੀ ਲਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਕਿਹਾ ਹੈ ਕਿ ਤੁਸੀਂ ਇੱਥੇ ਗੋਹਾ ਸੁੱਟੋਗੇ ਤੇ ਇਸ ਠੇਕੇ ’ਤੇ ਲਈ ਜ਼ਮੀਨ ਦਾ ਠੇਕਾ ਅਸੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਬੈਠ ਕੇ ਇਸ ਦਾ ਹੱਲ ਨਹੀਂ ਕੱਢਾਂਗੇ ਉਦੋਂ ਤੱਕ ਤਾਂ ਸਿਰਫ਼ ਲੜਾਈ ਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਣੀ ਬੰਦ ਨਹੀਂ ਕਰਨਾ ਇਸ ਦਾ ਪ੍ਰਬੰਧ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਵੇਈ ਨਦੀ ’ਚ ਚੰਗਾ ਪ੍ਰਬੰਧ ਕਰ ਕੇ ਪਾਣੀ ਸਾਫ਼ ਕੀਤਾ ਹੈ। ਜਿੱਥੇ ਅਸੀਂ ਪੰਪ ਲਵਾਏ, ਪਾਈਪ ਪਵਾਏ ਆਦਿ ਪ੍ਰਬੰਧ ਕੀਤੇ ਜਿਸ ਨਾਲ ਪਾਣੀ ਖੇਤਾਂ ਵਿਚ ਡਿੱਗਦਾ ਹੋ ਗਿਆ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਸੀਂ ਬੁੱਢੇ ਦਰਿਆ ਵਿਚ ਵੀ ਚੰਗੇ ਪ੍ਰਬੰਧ ਕਰ ਕੇ ਇਸ ਦਾ ਪਾਣੀ ਸਾਫ਼ ਸੁਥਰਾ ਬਣਾਵਾਂਗੇ। ਉਨ੍ਹਾਂ ਕਿਹਾ ਕਿ ਜੋ ਫ਼ੈਕਟਰੀਆਂ ਜਾਂ ਮਿਊਸਪਲ ਕਾਰਪੋਰੇਸ਼ਨ ਬੁੱਢੇ ਦਰਿਆ ਵਿਚ ਪਾਣੀ ਸੁੱਟ ਰਹੇ ਹਨ ਉਹ ਗ਼ੈਰਕਾਨੂਨੀ ਹੈ ਜਿਸ ’ਤੇ ਅਸੀਂ ਕੋਰਟਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਥੇ ਦੋ-ਤਿੰਨ ਪਲਾਂਟ ਲਵਾਏ ਹਨ। ਜਿਨ੍ਹਾਂ ਨਾਲ ਇਨ੍ਹਾਂ ਫ਼ੈਕਟਰੀਆਂ ਅਤੇ ਕਾਰਪੋਰੇਸ਼ਨ ਦਾ ਪਾਣੀ ਪਾਈਪਾਂ ਰਾਹੀਂ ਖੇਤਾਂ ਵਿਚ ਸੁੱਟਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੇ ਦਰਿਆ ਦਾ ਪਾਣੀ ਪੀਣ ਯੋਗ ਨਾ ਹੋਵੇ ਤਾਂ ਦਰਿਆ ਵਿਚ ਫ਼ੈਕਟਰੀਆਂ ਜਾਂ ਕਾਰਪੋਰੇਸ਼ਨ ਦਾ ਪਾਣੀ ਸੁੱਟਣ ਵਿਚ ਕੋਈ ਹਰਜ ਨਹੀਂ, ਪਰ ਇਹ ਪਾਣੀ 50 ਪਿੰਡ ਨੂੰ ਜਾਂਦਾ ਹੈ ਜੋ ਪੀਣ ਲਈ ਵਰਤਿਆ ਜਾਂਦਾ ਹੈ ਜਿਸ ਕਰ ਕੇ ਇਸ ਵਿਚ ਕੋਈ ਵੀ ਆਪਣਾ ਗੰਦਾ ਪਾਣੀ ਨਹੀਂ ਸੁੱਟ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਤਾਂ ਇੰਡਸਟਰੀ ਵਾਲਿਆਂ ਨੂੰ ਹੈ ਜਿਨ੍ਹਾਂ ਦਾ ਪਾਣੀ ਦਰਿਆ ਵਿਚ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰਟ ਨੇ ਤਾਂ ਇੰਡਸਟਰੀ ਵਾਲਿਆਂ ਨੂੰ ਪਹਿਲਾਂ ਹੀ ਕਹਿ ਦਿਤਾ ਹੈ ਕਿ ਤੁਸੀਂ ਦਰਿਆ ਵਿਚ ਆਪਣਾ ਪਾਣੀ ਨਹੀਂ ਸੁੱਟ ਸਕਦੇ। ਉਨ੍ਹਾਂ ਕਿਹਾ ਕਿ ਕਾਨੂੰਨ ਕਿਸੇ ਨੂੰ ਨਹੀਂ ਕਹਿੰਦਾ ਕਿ ਉਹ ਆਪਣਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਸੁੱਟੇ। ਉਨ੍ਹਾਂ ਕਿਹਾ ਕਿ ਅਸੀਂ ਪਲਾਂਟ ਲਵਾਏ ਹਨ ਤੇ ਉਥੋਂ ਦੇ ਪੈਰਾਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਜਾਂਚ ਵਿਚ ਕੋਈ ਕਮੀ ਆਈ ਤਾਂ ਅਸੀਂ ਉਸ ਕਮੀ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਬੁੱਢੇ ਦਰਿਆ ਦੇ ਪਾਣੀ ਨੂੰ ਸਾਫ਼ ਤੇ ਪੀਣ ਯੋਗ ਬਣਾ ਕੇ ਹਟਾਂਗੇ ਤੇ ਇਸ ਨੂੰ ਗੰਦਾ ਕਰਨ ਵਾਲਿਆਂ ਨਾਲ ਕੋਈ ਰਿਆਇਤ ਨਹੀਂ ਹੋਵੇਗੀ।