ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਹਲਕਾ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ...
ਕੋਟਕਪੂਰਾ, 25 ਜੁਲਾਈ (ਗੁਰਿੰਦਰ ਸਿੰਘ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਹਲਕਾ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਹਲਕਾ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਨੇ ਅਕਾਲੀ ਦਲ ਦੀ ਜਬਰ ਵਿਰੋਧੀ ਲਹਿਰ ਸਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਆਖਿਆ ਕਿ ਪਹਿਲਾਂ ਅਕਾਲੀ ਦਲ ਨੂੰ ਖ਼ੁਦ ਢਾਹੇ ਜ਼ੁਲਮਾਂ ਤੋਂ ਪੀੜਤ ਲੋਕਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣੀ ਚਾਹੀਦੀ ਹੈ ਅਤੇ ਬਾਦਲ ਸਰਕਾਰ ਤੋਂ ਪੀੜਤ ਉਨ੍ਹਾਂ ਅਕਾਲੀਆਂ ਦੀ ਸਾਰ ਲੈਣੀ ਚਾਹੀਦੀ ਹੈ ਜੋ ਅਕਾਲੀਆਂ ਦੇ ਹੀ ਦੂਜੇ ਧੜੇ ਦੇ ਸ਼ਿਕਾਰ ਬਣੇ ਸਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਦਾ ਪ੍ਰਗਟਾਵਾ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਕੋਲ ਖ਼ੁਦ ਪੀੜਤ ਅਕਾਲੀ ਆਗੂਆਂ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਕਿਸਾਨਾਂ ਨੂੰ ਕਣਕ ਜਾਂ ਝੋਨੇ ਦੀ ਫ਼ਸਲ ਵੇਚਣ ਮੌਕੇ ਜ਼ਲੀਲ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਪਰ ਕੈਪਟਨ ਸਰਕਾਰ ਨੇ ਅਪਣੇ ਵਾਅਦੇ ਅਨੁਸਾਰ ਸਰਕਾਰ ਬਣਨ ਤੋਂ ਬਾਅਦ ਕਣਕ ਦਾ ਦਾਣਾ-ਦਾਣਾ ਚੁਕਿਆ ਅਤੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦਿਤਾ, ਅਦਾਇਗੀਆਂ ਵੀ ਨਾਲੋ ਨਾਲ ਹੋਈਆਂ। ਉਨ੍ਹਾਂ ਕਿਹਾ ਕਿ ਪੰਜਾਬ ਉਪਰ ਬਾਦਲ ਸਰਕਾਰ 1,82,000 ਕਰੋੜ ਰੁਪਏ ਕਰਜ਼ਾ ਛੱਡ ਗਈ, ਵਿਕਾਸ ਦੇ ਨਾਂਅ 'ਤੇ ਚੋਣਾਂ ਲੜਨ ਵਾਲਾ ਅਕਾਲੀ-ਭਾਜਪਾ ਗਠਜੋੜ ਪੰਜਾਬ ਦੀ ਆਰਥਕ ਵਿਵਸਥਾ ਨੂੰ ਡਾਵਾਂਡੋਲ ਕਰ ਕੇ ਰੱਖ ਗਿਆ, ਵੋਟ ਰਾਜਨੀਤੀ ਕਾਰਨ ਸੰਗਤ ਦਰਸ਼ਨਾਂ ਦਾ ਪਖੰਡ ਰਚਿਆ ਗਿਆ ਪਰ ਫਿਰ ਵੀ ਪੰਜਾਬ ਦੇ ਸੂਝਵਾਨ ਤੇ ਅਣਖੀਲੇ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੂੰਹ ਨਾ ਲਾਇਆ।
ਕਿੱਕੀ ਢਿੱਲੋਂ, ਕਾਂਗੜ ਅਤੇ ਡਾ. ਕਮਲ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਕੇਂਦਰੀ ਪੂਲ ਲਈ ਖ਼ਰੀਦੇ ਅਨਾਜ ਅਤੇ ਇਸ ਦੀ ਢੋਆ-ਢੁਆਈ ਦਾ ਕੋਈ ਹਿਸਾਬ ਕਿਤਾਬ ਰੱਖਣ ਦੀ ਜ਼ਰੂਰਤ ਨਾ ਸਮਝੀ ਜਿਸ ਕਰ ਕੇ 31,000 ਕਰੋੜ ਰੁਪਏ ਦੀ ਹੇਰਾਫੇਰੀ ਸਾਹਮਣੇ ਆਈ। ਕੇਂਦਰ ਸਰਕਾਰ ਨੇ ਨਵੀਂ ਸਰਕਾਰ ਬਣਨ ਤੋਂ ਦੋ ਦਿਨ ਪਹਿਲਾਂ ਉਸ ਰਕਮ ਨੂੰ ਕਰਜ਼ੇ ਦੇ ਰੂਪ 'ਚ ਬਦਲ ਕੇ ਪੰਜਾਬ ਸਿਰ ਮੜ੍ਹ ਦਿਤਾ ਪਰ ਅਜੇ ਵੀ ਅਕਾਲੀ ਦਲ ਵਾਲੇ ਅਪਣੇ ਆਪ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਦਸਦੇ ਹਨ।