ਅਕਾਲੀ ਦਲ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਧੋਖਾ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨੌਜਵਾਨ ਕੁੜੀਆਂ ਨੂੰ ਮੁਫ਼ਤ ਸਿਖਿਆ ਮੁਹਈਆ ਨਾ ਕਰਵਾ ਕੇ ਉਨ੍ਹਾਂ ਨਾਲ..
ਚੰਡੀਗੜ੍ਹ, 25 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਅਕਾਲੀ ਦਲ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਧੋਖਾ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨੌਜਵਾਨ ਕੁੜੀਆਂ ਨੂੰ ਮੁਫ਼ਤ ਸਿਖਿਆ ਮੁਹਈਆ ਨਾ ਕਰਵਾ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਵਿਧਾਨ ਸਭਾ ਵਿਚ ਐਲਾਨ ਕੀਤਾ ਸੀ ਕਿ ਕੁੜੀਆਂ ਨੂੰ ਮੁਫ਼ਤ ਸਿਖਿਆ ਦਿਤੀ ਜਾਵੇਗੀ। ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਐਲਾਨ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਪ੍ਰਾਈਮਰੀ ਤੋਂ ਲੈ ਕੇ ਪੀਐਚਡੀ ਤਕ ਸਾਰੇ ਸਰਕਾਰੀ ਅਦਾਰਿਆਂ ਵਿਚ ਕੁੜੀਆਂ ਦੀ ਪੜ੍ਹਾਈ ਮੁਫ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਕੁੜੀਆਂ ਉਮੀਦ ਕਰ ਰਹੀਆਂ ਸਨ ਕਿ ਸਰਕਾਰ ਮੁੱਖ ਮੰਤਰੀ ਦਾ ਵਾਅਦਾ ਪੂਰਾ ਕਰੇਗੀ ਪਰ ਹਾਲੇ ਤਕ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਮੀਦਾਂ ਉਦੋਂ ਢਹਿ ਢੇਰੀ ਹੋ ਗਈਆਂ ਜਦ ਸਕੂਲ ਅਤੇ ਕਾਲਜ ਅਧਿਕਾਰੀਆਂ ਨੇ ਕੁੜੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮੁਫ਼ਤ ਪੜ੍ਹਾਈ ਵਾਲਾ ਕੋਈ ਨੋਟੀਫ਼ੀਕੇਸ਼ਨ ਨਹੀਂ ਮਿਲਿਆ।