
ਔਰਤ ਨੂੰ ਬਚਾਇਆ ਤੇ ਬੱਚੀਆਂ ਦੀ ਮੌਤ
ਬੋਹਾ : ਨੇੜਲੇ ਪਿੰਡ ਮਲਕੋਂ ਦੀ ਇਕ ਗ਼ਰੀਬ ਦਲਿਤ ਪਰਵਾਰ ਦੀ ਔਰਤ ਨੇ ਅਪਣੀਆਂ ਦੋ ਛੋਟੀਆਂ ਬੇਟੀਆਂ ਸਮੇਤ ਬਾਹਮਣ ਵਾਲਾ (ਹਰਿਆਣਾ) ਕੋਲੋਂ ਲੰਘਦੀ ਭਾਖੜਾ ਨਹਿਰ ਵਿਚ ਛਾਲ ਮਾਰ ਦਿਤੀ। ਉਥੋਂ ਲੰਘਦੇ ਰਾਹਗੀਰਾਂ ਨੇ ਔਰਤ ਨੂੰ ਤਾਂ ਬਚਾ ਲਿਆ ਪਰ ਉਸ ਦੀਆਂ ਦੋਹਂੇ ਬੇਟੀਆਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ।
ਔਰਤ ਦੀ ਪਛਾਣ ਵੀਰਪਾਲ ਕੌਰ ਪਤਨੀ ਕੁਲਵੰਤ ਸਿੰਘ ਵਜੋ ਹੋਈ ਹੈ। ਪੁਲਿਸ ਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਛੋਟੀ ਬੇਟੀ ਖੁਸਪ੍ਰੀਤ ਕੌਰ (ਦੋ ਸਾਲ) ਦੀ ਲਾਸ਼ ਭਾਖੜਾ ਨਹਿਰ ਵਿਚ ਬਰਾਮਦ ਕਰ ਲਈ ਗਈ ਹੈ ਪਰ ਬਹੁਤ ਯਤਨ ਕਰਨੇ ਤੇ ਵੀ ਚਾਰ ਸਾਲ ਦੀ ਵੱਡੀ ਬੇਟੀ ਅੰਮ੍ਰਿਤ ਪਾਲ ਕੌਰ ਦੀ ਲਾਸ਼ ਅਜੇ ਤਕ ਨਹੀਂ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਮੋਹਨ ਲਾਲ ਨੇ ਦਸਿਆ ਕਿ ਨਹਿਰ ਵਿਚ ਛਾਲ ਮਾਰਨ ਵਾਲੀ ਔਰਤ ਦਾ ਅਪਣੀ ਜੇਠਾਣੀ ਗੁਰਦੀਪ ਕੌਰ ਪਤਨੀ ਮੰਗਾ ਸਿੰਘ ਨਾਲ ਝਗੜਾ ਰਹਿੰਦਾ ਸੀ।
ਅੱਜ ਸਵੇਰ ਜੇਠ ਦੇ ਪਰਵਾਰ ਨਾਲ ਤਕਰਾਰ ਹੋਣ 'ਤੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਅਪਣੀਆਂ ਬੇਟੀਆ ਸਮੇਤ ਨਹਿਰ ਵਿਚ ਛਾਲ ਮਾਰ ਦਿਤੀ। ਉਨ੍ਹਾਂ ਕਿਹਾ ਕਿ ਚਾਰ ਸਾਲ ਦੀ ਬੱਚੀ ਦੀ ਲਾਸ਼ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਤਹਿ ਤਕ ਜਾਣ ਲਈ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ ਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।