
ਆਪਣੀ 11 ਸਾਲਾ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ ਦਰਿੰਦਾ ਪਿਓ
Ludhiana News : ਰੇਪ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਰੇਪ ਦੀ ਘਟਨਾ ਸੁਣਨ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਦਰਿੰਦਾ ਪਿਓ ਆਪਣੀ 11 ਸਾਲਾ ਧੀ ਨਾਲ ਕਾਫੀ ਸਮੇਂ ਤੋਂ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ।
ਜਾਣਕਾਰੀ ਅਨੁਸਾਰ ਆਪਣੀ ਹੀ ਨਾਬਾਲਗ ਬੇਟੀ ਨਾਲ ਜਬਰ-ਜ਼ਿਨਾਹ ਕਰਨ ਦੇ ਆਰੋਪੀ ਪਿਤਾ ਨੂੰ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 3 ਲੱਖ 20 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਅਦਾਲਤ ਨੇ ਆਪਣੇ ਹੁਕਮ ’ਚ ਇਹ ਵੀ ਕਿਹਾ ਹੈ ਕਿ ਜੇਕਰ ਮੁਲਜ਼ਮ ਤੋਂ ਉਕਤ ਜੁਰਮਾਨਾ ਵਸੂਲ ਹੁੰਦਾ ਹੈ ਤਾਂ ਉਸ ’ਚੋਂ 3 ਲੱਖ ਰੁਪਏ ਪੀੜਤ ਬੱਚੀ ਨੂੰ ਦਿੱਤੇ ਜਾਣ।
ਦੱਸਿਆ ਜਾਂਦਾ ਹੈ ਕਿ ਇਕ ਸਮਾਜਸੇਵੀ ਔਰਤ ਦੀ ਸ਼ਿਕਾਇਤ ’ਤੇ 2 ਦਸੰਬਰ 2022 ਨੂੰ ਥਾਣਾ ਸਰਾਭਾ ਨਗਰ ’ਚ ਇਹ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ 1 ਦਸੰਬਰ 2022 ਨੂੰ ਇਕ ਕੁਆਰਟਰ ’ਚ ਇਕ ਵਿਅਕਤੀ ਆਪਣੀ 11 ਸਾਲਾ ਬੇਟੀ ਨਾਲ ਕਾਫੀ ਸਮੇਂ ਤੋਂ ਜ਼ਬਰਦਸਤੀ ਸਰੀਰਕ ਸਬੰਧ ਬਣਾ ਰਿਹਾ ਸੀ।
ਇਸ ਤੋਂ ਬਾਅਦ ਉਸ ਨੇ ਇਹ ਸ਼ਰਮਨਾਕ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਅਤੇ ਸ਼ਿਕਾਇਤ ਕਰਨ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ’ਚ ਪੇਸ਼ ਕੀਤਾ ਸੀ। ਹੁਣ ਅਦਾਲਤ ਨੇ ਇਸ ਮਾਮਲੇ ਵਿਚ ਮੁਲਜ਼ਮ ਪਿਤਾ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਕੀਤਾ ਹੈ।