
ਆਮ ਆਦਮੀ ਪਾਰਟੀ ਨੇ ਸੂਬੇ 'ਚ ਆਕਸੀਜਨ ਦੀ ਕਮੀ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ 'ਚ ਆਕਸੀਜਨ ਦੀ ਕਮੀ ਦੂਰ ਕਰਨ ਦੀ ਮੰਗ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੁੱਲੋਖੇੜੀ ਪਲਾਂਟ ਤੋਂ ਆਕਸੀਜਨ ਗੈਸ ਦਾ ਉਤਪਾਦਨ ਅਤੇ ਭੰਡਾਰਨ ਦੀ ਸੁਚੱਜੀ ਵਿਵਸਥਾ ਲਾਗੂ ਕਰਨ ਲਈ ਅਪੀਲ ਕੀਤੀ ਹੈ।
Baljinder Kaur
ਇਸ ਸਬੰਧੀ ਆਪ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ ਅਤੇ ਇਸ ਮਹਾਂਮਾਰੀ ਤੋਂ ਪੰਜਾਬ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸੂਬੇ 'ਚ ਕੋਰੋਨਾਂ ਪੀੜਤਾਂ ਦਾ ਅੰਕੜਾ ਹਰ ਦਿਨ ਵੱਧਦਾ ਜਾ ਰਿਹਾ ਹੈ। ਇਸ ਕਾਰਨ ਸੂਬੇ 'ਚ ਆਕਸੀਜਨ ਗੈਸ ਦੀ ਮੰਗ ਬਹੁਤ ਜਅਿਾਦਾ ਵੱਧ ਗਈ ਹੈ, ਪਰ ਇਸ ਦੀ ਪੂਰਤੀ ਨਹੀਂ ਹੋ ਰਹੀ।
Oxygen being wasted at Sri Guru Gobind Singh Refinery in Bathinda
ਉਨ੍ਹਾਂ ਲਿਖਿਆ ਕਿ ਆਕਸੀਜਨ ਦੀ ਭਾਰੀ ਮੰਗ, ਇਸ ਮਹਾਮਾਰੀ ਦੌਰਾਨ ਕੋਰੋਨਾ ਪ੍ਰਬੰਧਨ ਵਿੱਚ ਇਸ ਦੀ ਮਹੱਤਤਾ ਨੂੰ ਦਰਸਾਉਂਦੀ ਹੈ । ਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਤੇ ਲੋੜੀਂਦੀ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਭਾਵੇਂ ਸਮੁੱਚੇ ਦੇਸ ਸਮੇਤ ਸੂਬਾ ਆਕਸੀਜਨ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਪਰ ਬਠਿੰਡਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਜੀ.ਜੀ.ਐੱਸ.ਆਰ.) ਫੁੱਲੋਖੇੜੀ ਪਲਾਂਟ ਵਿੱਚ ਅੱਜ ਵੀ ਜੀਵਨ ਬਚਾਉਣ ਲਈ ਜ਼ਰੂਰੀ ਆਕਸੀਜਨ ਬਰਬਾਦ ਹੋ ਰਹੀ ਹੈ।
Captain Amarinder Singh
ਬੀਬਾ ਬਲਜਿੰਦਰ ਕੌਰ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਭਰਪੂਰ ਮਾਤਰਾ ਵਿੱਚ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੈ, ਪਰ ਗੈਸ ਭੰਡਾਰਨ ਦੇ ਜ਼ਰੂਰੀ ਉਪਕਰਣ ਸਥਾਪਿਤ ਨਾ ਹੋਣ ਕਾਰਨ ਗੈਸ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਰਿਹਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਮਾਹਿਰਾਂ ਦੀ ਟੀਮ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਜੀਜੀਐਸਆਰ) ਭੇਜਿਆ ਜਾਵੇ ਅਤੇ ਆਕਸੀਜਨ ਦੇ ਭੰਡਾਰਨ ਲਈ ਲੋੜੀਂਦੇ ਉਪਕਰਣਾਂ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਹਰਿਆਣਾ ਸਥਿਤ ਯਮੁਨਾਨਗਰ ਰਿਫਾਇਨਰੀ ਦੀ ਤਰਜ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚੋਂ ਆਕਸੀਜਨ ਦੀ ਸਪਲਾਈ ਸੂਬੇ ਭਰ ਵਿੱਚ ਕੀਤੀ ਜਾ ਸਕੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹਾ ਉਪਰਾਲਾ ਕਰਕੇ ਸੂਬੇ ਦੇ ਕੋਰੋਨਾ ਪੀੜਤਾਂ ਦੀਆਂ ਬੇਸਕੀਮਤੀ ਜਾਨਾਂ ਬਚਾਅ ਸਕਦੇ ਹਨ।