
ਕਿਹਾ- ਮਲੇਰਕੋਟਲੇ ਵਿਚ ਅਜਿਹੇ ਸਕੂਲ ਬਣਾਵਾਂਗੇ ਕਿ ਤੁਹਾਡੇ ਰਿਸ਼ਤੇਦਾਰ ਇੱਥੇ ਆ ਕੇ ਫੋਟੋਆਂ ਖਿੱਚਣਗੇ
ਮਲੇਰਕੋਟਲਾ: ਅੱਜ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖਰੀ ਦਿਨ ਹੈ ਅਤੇ ਸਮੂਹ ਦੇਸ਼ ਵਾਸੀ ਅੱਜ ਈਦ ਦਾ ਤਿਉਹਾਰ ਮਨਾ ਰਹੇ ਹਨ। ਇਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰਕੋਟਲਾ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦਾ ਆਪਸੀ ਪਿਆਰ ਤੇ ਮੋਹ ਬਹੁਤ ਮਜ਼ਬੂਤ ਹੈ। ਅਸੀਂ ਸਾਰੇ ਭਾਈਚਾਰਕ ਸਾਂਝ ਨਾਲ ਰਹਿੰਦੇ ਹਾਂ, ਇੱਥੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ।
ਉਹਨਾਂ ਕਿਹਾ ਕਿ “ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ। ਇਹ ਧਰਤੀ ਬਹੁਤ ਉਪਜਾਊ ਹੈ, ਹੋਰ ਜੋ ਮਰਜ਼ੀ ਉਗਾ ਲਓ ਉੱਗ ਜਾਵੇਗਾ ਪਰ ਇੱਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ”। ਭਗਵੰਤ ਮਾਨ ਨੇ ਇਸ ਦੇ ਨਾਲ ਹੀ ਮਲੇਰਕੋਟਲਾ ਵਿਚ ਤੇਜ਼ੀ ਨਾਲ ਵਿਕਾਸ ਕਰਨ ਦਾ ਵਾਅਦਾ ਕੀਤਾ। ਸੀਐਮ ਮਾਨ ਨੇ ਮਲੇਰਕੋਟਲਾ ਦੇ ਲੋਕਾਂ ਲਈ ਐਲਾਨ ਕਰਦਿਆਂ ਕਿਹਾ ਕਿ ਅਸੀਂ ਮਲੇਰਕੋਟਲੇ ਵਿਚ ਅਜਿਹੇ ਸਕੂਲ ਬਣਾਵਾਂਗੇ ਕਿ ਤੁਹਾਡੇ ਰਿਸ਼ਤੇਦਾਰ ਇੱਥੇ ਆ ਕੇ ਫੋਟੋਆਂ ਖਿੱਚਣਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਲੇਰਕੋਟਲਾ ਵਿਚ ਸਰਕਾਰੀ ਦਫ਼ਤਰ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਮੈਂ ਉਹ ਵਾਅਦਾ ਕਰਦਾ ਹੀ ਨਹੀਂ ਜੋ ਮੈਂ ਪੂਰਾ ਨਾ ਕਰ ਸਕਾਂ।
ਇਸ ਮੌਕੇ ਸਾਬਕਾ ਵਿਧਾਇਕਾਂ ਨੂੰ ਨਸੀਹਤ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਸਾਬਕਾ ਵਿਧਾਇਕਾਂ ਨੂੰ ਇਕ ਪੈਨਸ਼ਨ ਮਿਲੇਗੀ, ਲੈਣੀ ਹੈ ਤਾਂ ਲਓ ਨਹੀਂ ਨਾ ਲਓ। ਉਹਨਾਂ ਕਿਹਾ, “ਜਿਹੜੇ ਐਮਐਲਏ ਪੰਜ-ਪੰਜ ਲੱਖ ਦੀਆਂ ਪੈਨਸ਼ਨਾਂ ਲੈਂਦੇ ਸੀ, ਉਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਸਾਡੇ ’ਤੇ ਕੋਈ ਅਹਿਸਾਨ ਨਹੀਂ ਕੀਤਾ। ਵੋਟਾਂ ਤਾਂ ਇਹ ਕਹਿ ਕੇ ਮੰਗਦੇ ਸੀ ਕਿ ਸੇਵਾ ਕਰਾਂਗੇ ਮੌਕਾ ਦਿਓ, ਫਿਰ ਸੇਵਾ ਦੀ ਇੰਨੀ ਪੈਨਸ਼ਨ?” ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦਾ ਖ਼ੂਨ ਚੂਸਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਤੇ ਉਹ ਪੈਸਾ ਵਿਆਜ ਸਮੇਤ ਸਕੂਲਾਂ, ਹਸਪਤਾਲਾਂ ਅਤੇ ਹੋਰ ਸਹੂਲਤਾਂ ਦੇ ਰੂਪ ਵਿਚ ਤੁਹਾਡੇ ਕੋਲ ਵਾਪਸ ਆਏਗਾ। ਉਹਨਾਂ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਹੋਰ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਹੋਏ ਹਨ। ਇਹ ਬਹੁਤ ਔਖਾ ਕੰਮ ਹੈ ਕਿਉਂਕਿ ਸਿਸਟਮ ਵਿਗੜੇ ਨੂੰ 75 ਸਾਲ ਹੋ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ, ਉਹ ਸਿਰ-ਮੱਥੇ ਪਰਵਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ 1-2 ਸਾਲਾਂ 'ਚ ਲੋਕਾਂ ਨੂੰ ਪੰਜਾਬ ਦਾ ਰੰਗ ਬਦਲਦਾ ਨਜ਼ਰ ਆਵੇਗਾ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਜ਼ਿੰਦਗੀ ਲੀਹ 'ਤੇ ਆਵੇਗੀ।