
ਬਠਿੰਡਾ ਦੇ ਕਚਰਾ ਪਲਾਂਟ ਦੇ ਮੁੱਦੇ ਨੂੰ ਹੁਣ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਪਣੇ ਹੱਥਾਂ ਵਿਚ ਲੈਣ ਦਾ ਐਲਾਨ ਕੀਤਾ ਹੈ। ਅੱਜ ਇਸ ਪਲਾਂਟ ਦੇ ...
ਬਠਿੰਡਾ,ਬਠਿੰਡਾ ਦੇ ਕਚਰਾ ਪਲਾਂਟ ਦੇ ਮੁੱਦੇ ਨੂੰ ਹੁਣ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਪਣੇ ਹੱਥਾਂ ਵਿਚ ਲੈਣ ਦਾ ਐਲਾਨ ਕੀਤਾ ਹੈ। ਅੱਜ ਇਸ ਪਲਾਂਟ ਦੇ ਦੌਰੇ 'ਤੇ ਪੁੱਜੇ ਸ: ਖ਼ਹਿਰਾ ਨੇ ਐਲਾਨ ਕੀਤਾ ਕਿ ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਸਾਰਾ ਕੇਸ ਰੱਖਣਗੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿਤਾ ਤਾਂ ਉਹ ਇਸ ਮਾਮਲੇ ਨੂੰ ਵਿਧਾਨ ਵਿਚ ਵੀ ਲੈ ਕੇ ਜਾਣਗੇ।
ਸ. ਖ਼ਹਿਰਾ ਨੇ ਇਸ ਮਾਮਲੇ 'ਚ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਨੂੰ ਕੋਸਦਿਆਂ ਦੋਸ਼ ਲਗਾਇਆ ਕਿ ਉਹ ਲੋਕਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰ ਰਹੀਆਂ, ਜਿਨ੍ਹਾਂ ਦਾ ਇਸ ਇਲਾਕੇ ਵਿਚ ਰਹਿਣਾ ਦੂਭਰ ਹੋਇਆ ਪਿਆ ਹੈ। ਇਸ ਮੌਕੇ ਇਸ ਕਚਰਾ ਪਲਾਂਟ ਨੂੰ ਇਥੇ ਤਬਦੀਲ ਕਰਨ ਲਈ ਬਣੀ ਕਮੇਟੀ ਦੇ ਆਗੂ ਡਾ ਜੀਤ ਸਿੰਘ ਜੋਸ਼ੀ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕਟ ਰਣਜੀਤ ਸਿੰਘ ਜਲਾਲ ਤੇ ਇਲਾਕੇ ਦੇ ਕੌਂਸਲਰ ਰਾਜਵਿੰਦਰ ਸਿੰਘ ਸਿੱਧੂ ਨੇ ਹੁਣ ਤਕ ਲੋਕਾਂ ਵਲੋਂ ਕੀਤੇ ਸੰਘਰਸ਼ ਬਾਰੇ ਜਾਣਕਾਰੀ ਦਿਤੀ।
ਕੌਂਸਲਰ ਸਿੱਧੂ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਦੇ ਹਾਊਸ ਵਲੋਂ ਪੰਜ ਵਾਰ ਇਸ ਪਲਾਂਟ ਨੂੰ ਸ਼ਹਿਰ ਦੀ ਸੰਘਣੀ ਆਬਾਦੀ ਵਿਚੋਂ ਤਬਦੀਲ ਕਰਨ ਲਈ ਮਤਾ ਪਾਸ ਕੀਤਾ ਹੈ ਪ੍ਰੰਤੂ ਸਰਕਾਰ ਵਲੋਂ ਹਾਲੇ ਤਕ ਕੋਈ ਕਦਮ ਨਹੀਂ ਉਠਾਇਆ ਗਿਆ। ਐਡਵੋਕੇਟ ਜਲਾਲ ਨੇ ਦਸਿਆ ਕਿ ਇਸ ਪਲਾਂਟ ਦੇ ਬਿਲਕੁਲ ਨਾਲ ਗੁਜਰਦੇ ਨਹਿਰੀ ਰਜਵਾਹੇ ਦਾ ਪਾਣੀ ਵੀ ਪ੍ਰਦੂਸਤ ਹੋ ਰਿਹਾ ਹੈ, ਜਿਸ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਹੈ।
ਸ: ਖ਼ਹਿਰਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਪਲਾਂਟ ਨੂੰ ਇਥੋਂ ਤਬਦੀਲ ਕਰਨ ਲਈ ਜੋ ਵੀ ਵੱਡਾ ਸੰਘਰਸ਼ ਕਰਨਾ ਪਿਆ, ਉਸ ਲਈ ਉਹ ਸਾਥ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਮੋੜ ਹਲਕੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਦੀਪਕ ਬਾਂਸਲ ਵੀ ਹਾਜ਼ਰ ਸਨ।