
ਪੱਤਰਕਾਰਾਂ 'ਤੇ ਹੋਈ ਪੁਲਿਸ ਜ਼ਿਆਦਤੀ ਅਤੇ ਝੂਠੇ ਕੇਸਾਂ ਪ੍ਰਤੀ ਜਤਾਈ ਅਣਜਾਣਤਾ
ਕੋਟਕਪੂਰਾ : ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲੀਕਾਂਡ ਬਾਰੇ ਸਰਕਾਰ ਬੜੇ ਪੇਚੀਦਾ ਢੰਗ ਨਾਲ ਪੜਤਾਲ ਕਰਵਾ ਰਹੀ ਹੈ। ਉਕਤ ਮਾਮਲੇ ਦੇ ਕਾਫ਼ੀ ਸਬੂਤ ਅਦਾਲਤ ਨੂੰ ਸੌਂਪ ਦਿਤੇ ਗਏ ਹਨ, ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਪਰ ਬੇਅਦਬੀ ਕਾਂਡ ਦੇ ਮਾਮਲੇ ਨਾਲ ਜੁੜੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੋਈ ਛੋਟਾ ਜਾਂ ਆਮ ਕੰਮ ਨਹੀਂ।
Beadbi Kand
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੁਹਰਾਇਆ ਕਿ ਅਜਿਹੇ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਬਖਸ਼ਣਯੋਗ ਨਹੀਂ ਹੁੰਦੇ। ਰਾਣਾ ਸੋਢੀ ਇਥੇ ਦੇਸ਼ ਭਗਤ ਬਾਬਾ ਦਿਆਲ ਸਿੰਘ ਦੀ ਯਾਦ 'ਚ ਬਣੇ ਚੌਂਕ ਦਾ ਉਦਘਾਟਨ ਕਰਨ ਲਈ ਆਏ ਸਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦਸਿਆ ਕਿ ਪੰਜਾਬ ਦੇ ਖਿਡਾਰੀ ਉਲੰਪਿਕ ਖੇਡਾਂ ਦੀ ਤਿਆਰੀ ਕਰ ਰਹੇ ਸਨ
Corona Virus
ਕਿ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਉਲੰਪਿਕ ਸਮੇਤ ਹੋਰ ਵੀ ਹਰ ਤਰ੍ਹਾਂ ਦੀਆਂ ਨੈਸ਼ਨਲ ਅਤੇ ਅੰਤਰਰਾਸ਼ਟਰੀ ਖੇਡਾਂ ਮੁਅੱਤਲ ਹੋ ਗਈਆਂ ਪਰ ਖਿਡਾਰੀਆਂ ਦੀਆਂ ਤਿਆਰੀਆਂ ਅਜੇ ਵੀ ਹੋ ਰਹੀਆਂ ਹਨ ਤੇ ਪੰਜਾਬ ਦੇ ਖਿਡਾਰੀ ਅੰਤਰਰਾਸ਼ਟਰੀ ਜਾਂ ਹੋਰ ਵੱਡੇ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਨਗੇ। ਪੱਤਰਕਾਰਾਂ 'ਤੇ ਪੁਲਿਸ ਤਸ਼ੱਦਦ ਅਤੇ ਝੂਠੇ ਮਾਮਲੇ ਦਰਜ ਕਰਨ ਦੀਆਂ ਘਟਨਾਵਾਂ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਰਾਣਾ ਸੋਢੀ ਨੇ ਆਖਿਆ ਕਿ ਲਿਖਣ, ਬੋਲਣ ਅਰਥਾਤ ਪ੍ਰੈੱਸ ਦੀ ਆਜ਼ਾਦੀ ਬਰਕਰਾਰ ਰਹੇਗੀ
Gurmeet Rana Sodhi
ਪਰ ਜੇਕਰ ਪੰਜਾਬ 'ਚ ਕਿਸੇ ਵੀ ਪੱਤਰਕਾਰ ਵਿਰੁਧ ਹੋਈ ਜ਼ਿਆਦਤੀ ਦੀ ਉਨ੍ਹਾਂ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਹ ਜਾਂਚ ਕਰਵਾਉਣ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਉਣ ਤੋਂ ਗੁਰੇਜ ਨਹੀਂ ਕਰਨਗੇ। ਸਕੂਲਾਂ ਦੇ ਮਾਮਲੇ 'ਚ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਸਕੂਲਾਂ ਦੀਆਂ ਫੀਸਾਂ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਸਰਕਾਰ ਇਸ ਬਾਰੇ ਜਲਦ ਕੋਈ ਫ਼ੈਸਲਾ ਲਵੇਗੀ। ਉਨ੍ਹਾਂ ਆਖਿਆ ਕਿ ਤਾਲਾਬੰਦੀ ਖ਼ਤਮ ਜਾਂ ਕਰਫ਼ਿਊ ਹਟਾ ਲੈਣ ਨੂੰ ਕੋਰੋਨਾ ਵਾਇਰਸ ਦਾ ਖ਼ਤਰਾ ਟਲ ਜਾਣਾ ਆਖਣਾ, ਸਾਡੀ ਅਗਿਆਨਤਾ ਹੀ ਹੋਵੇਗੀ, ਕਿਉਂਕਿ ਕੋਰੋਨਾ ਦਾ ਸੰਕਟ ਅਜੇ ਵੀ ਬਰਕਰਾਰ ਹੈ।