
Vigilance Bureau News : ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ
Vigilance Bureau News : ਫ਼ਿਰੋਜ਼ਪੁਰ- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਥਾਣਾ ਫਾਜ਼ਿਲਕਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਮੰਡੀ ਲਾਧੂਕਾ ਵਿਖੇ ਤਾਇਨਾਤ ਰਹੇ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਪਿਆਰਾ ਸਿੰਘ ਵਿਰੁੱਧ 4500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ (ਹੁਣ ਸੇਵਾਮੁਕਤ) ਖ਼ਿਲਾਫ਼ ਇਹ ਮੁਕੱਦਮਾ ਫਾਜ਼ਿਲਕਾ ਜ਼ਿਲ੍ਹੇ ਦੇ ਕਸਬਾ ਮੰਡੀ ਲਾਧੂਕਾ ਦੇ ਵਸਨੀਕ ਵੀਰੂ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਉਪਰ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ:Moga News : ਮੋਗਾ ’ਚ ਘਰੇਲੂ ਝਗੜੇ ਤੋਂ ਤੰਗ ਆ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸਨੇ ਫਾਜ਼ਿਲਕਾ ਸਦਰ ਥਾਣੇ ’ਚ ਇੱਕ ਹੋਰ ਵਿਅਕਤੀ ਖ਼ਿਲਾਫ਼ ਪੁਲਿਸ ਕੇਸ ਦਰਜ ਕਰਵਾਇਆ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਇਸ ਮਾਮਲੇ ’ਚ ਤਫਤੀਸ਼ੀ ਅਫ਼ਸਰ ਸੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਇਸ ਕੇਸ ਸਬੰਧੀ ਅਦਾਲਤ ’ਚ ਸਪਲੀਮੈਂਟਰੀ ਚਲਾਣ ਪੇਸ਼ ਕਰਨ ਬਦਲੇ ਫਰਵਰੀ ਮਹੀਨੇ ਦੌਰਾਨ ਵੱਖ-ਵੱਖ ਦਿਨਾਂ ’ਚ 2500 ਅਤੇ 2000 ਰੁਪਏ ਲੈ ਚੁੱਕਾ ਹੈ। ਸ਼ਿਕਾਇਤਕਰਤਾ ਨੇ ਇਸ ਸਬੰਧ ’ਚ ਰਿਸ਼ਵਤ ਦੀ ਮੰਗ ਕਰਦੇ ਸਮੇਂ ਉਕਤ ਏ.ਐਸ.ਆਈ. ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਉਕਤ ਏ.ਐਸ.ਆਈ. ਨੇ ਉਕਤ ਮੰਤਵ ਲਈ ਸ਼ਿਕਾਇਤਕਰਤਾ ਤੋਂ ਦੋ ਵਾਰ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
(For more news apart from Vigilance Bureau arrested an assistant sub-inspector who accepted bribe Rs 4,500 News in Punjabi, stay tuned to Rozana Spokesman)