
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਭੋਮਾ) ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ, ਪਦਮ ਸ੍ਰੀ ਹੰਸ ਰਾਜ ਹੰਸ ਤੋਂ ਇਲਾਵਾ ਜੋਧਪੁਰ ਜੇਲ.......
ਜਲੰਧਰ : ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਭੋਮਾ) ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ, ਪਦਮ ਸ੍ਰੀ ਹੰਸ ਰਾਜ ਹੰਸ ਤੋਂ ਇਲਾਵਾ ਜੋਧਪੁਰ ਜੇਲ ਵਿਚ ਬਿਨਾਂ ਕਸੂਰ ਤੋਂ ਕਈ ਸਾਲ ਬੰਦੀ ਬਣਾ ਕੇ ਰੱਖੇ ਗਏ ਕਈ ਸਿੰਘਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਬੰਦੀ ਸਿੰਘਾਂ ਲਈ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਮੋਦੀ ਸਰਕਾਰ ਦਾ ਧਨਵਾਦ ਕੀਤਾ ਹੈ।
ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਭੋਮਾ ਨੇ ਪਦਮਸ਼੍ਰੀ ਹੰਸ ਰਾਜ ਹੰਸ, ਬੰਦੀ ਸਿੰਘਾਂ ਦੇ ਕੇਸ ਲੜਨ ਵਾਲੇ ਵਕੀਲ ਭਗਵੰਤ ਸਿੰਘ ਸਿਆਲਕਾ, ਕੁਲਦੀਪ ਸਿੰਘ ਗੰਡੀਵਿੰਡ, ਸਰਬਜੀਤ ਸਿੰਘ ਜੰਮੂ, ਰਾਜੀਵ ਸਿੰਘ ਖ਼ੁਰਦਪੁਰ, ਹਰਪਾਲ ਸਿੰਘ, ਹਰਪਾਲ ਸਿੰਘ ਜੇਠੂਵਾਲ, ਜਸਵਿੰਦਰ ਸਿੰਘ ਆਦਿ ਦੀ ਮੌਜੂਦਗੀ 'ਚ ਮਾਮਲੇ ਦੀ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਜੂਨ 1984 ਵਿਚ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੌਰਾਨ ਭਾਰਤੀ ਫੌਜ ਨੇ ਵੱਡੀ ਗਿਣਤੀ ਸ਼ਰਧਾਲੂ ਸਿੱਖਾਂ ਨੂੰ ਵੀ ਕੈਦ ਕਰ ਲਿਆ ਸੀ
ਹਾਲਾਂਕਿ ਬਾਅਦ ਵਿਚ ਸੀਬੀਆਈ ਵਲੋਂ ਉਨ੍ਹਾਂ ਸ਼ਰਧਾਲੂਆਂ ਵਿਰੁਧ ਕੋਈ ਠੋਸ ਸਬੂਤ ਨਾ ਹੋਣ ਕਾਰਨ ਅਦਾਲਤ ਵਿਚ ਲਿਖ ਕੇ ਦੇ ਦਿਤਾ ਗਿਆ ਸੀ ਪਰ ਉਦੋਂ ਕੇਂਦਰ 'ਚ ਬੈਠੀ ਸਰਕਾਰ ਦੇ ਨਾਂਹ ਪੱਖੀ ਰਵੱਈਏ ਕਾਰਨ ਉਨ੍ਹਾਂ ਬੇਕਸੂਰ ਬੰਦੀਆਂ ਦੀ ਰਿਹਾਈ ਨਹੀਂ ਹੋ ਸਕੀ ਸੀ। ਭਾਈ ਭੋਮਾ ਅਤੇ ਹੰਸ ਰਾਜ ਹੰਸ ਨੇ ਦਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਬੰਦੀ ਸਿੰਘਾਂ ਦੀ ਰਿਹਾਈ, ਸ਼ਿਲਾਂਗ ਦੇ ਸਿੱਖਾਂ ਦੀ ਪ੍ਰੇਸ਼ਾਨੀ, ਪ੍ਰਵਾਸੀ ਪੰਜਾਬੀਆਂ ਦੀ ਕਾਲ ਸੂਚੀ ਵਰਗੇ ਅਹਿਮ ਮਾਮਲਿਆਂ 'ਤੇ ਵੀ ਛੇਤੀ ਹਾਂ ਪੱਖੀ ਫ਼ੈਸਲੇ ਲੈਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਦਸਿਆ ਕਿ ਰਾਜਨਾਥ ਸਿੰਘ ਨੇ ਜੋਧਪੁਰ ਜੇਲ ਦੇ ਬੰਦੀਆਂ ਨਾਲ ਹੋਈ ਵਧੀਕੀ ਨੂੰ ਸਵੀਕਾਰ ਕਰਦਿਆਂ ਜਿਥੇ ਸਿੱਖਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦੀ ਗੱਲ ਕੀਤੀ, ਉਥੇ ਵਾਅਦਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜ ਵਿਚ ਅਜਿਹੀ ਕਿਸੇ ਵੀ ਗੱਲ ਨੂੰ ਦੁਹਰਾਇਆ ਨਹੀਂ ਜਾਵੇਗਾ।