
ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਛੱਡੀਆਂ, ਪੱਤਰਕਾਰਾਂ ਸਮੇਤ 16 ਵਿਅਕਤੀ ਜ਼ਖ਼ਮੀ, ਹਸਪਤਾਲ ਦਾਖ਼ਲ
ਚੰਡੀਗੜ੍ਹ: ਪੰਜਾਬ ਦੇ ਪਾਣੀਆਂ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾਉਣ ਦੀ ਖ਼ਬਰ ਹੈ। ਦਰਅਸਲ, ਲੋਕ ਇਨਸਾਫ਼ ਪਾਰਟੀ ਨੇ ਰਾਜਸਥਾਨ ਤੋਂ ਪਾਣੀ ਦੇ ਬਿੱਲ ਵਸੂਲਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਸੀ। ਤੈਅ ਯੋਜਨਾ ਮੁਤਾਬਕ ਜਿਵੇਂ ਹੀ ਸਿਮਰਜੀਤ ਬੈਂਸ ਤੇ ਉਨ੍ਹਾਂ ਦੇ ਸਮਰਥਕ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨ ਲੱਗੇ ਤਾਂ ਪੁਲਿਸ ਨੇ ਬੈਰੀਅਰ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਪਾਣੀ ਦੀਆਂ ਬੁਛਾਰਾਂ ਛੱਡ ਦਿਤੀਆਂ।
Police attack with water cannon on LIP workers
ਇਸ ਦੌਰਾਨ ਪੁਲਿਸ ਨੇ ਮੀਡੀਆ ਕਰਮੀਆਂ ’ਤੇ ਵੀ ਪਾਣੀ ਦੀਆਂ ਬੁਛਾੜਾਂ ਛੱਡੀਆਂ ਜਿਸ ਦੌਰਾਨ ਪੱਤਰਕਾਰਾਂ ਸਮੇਤ ਕਈ ਜ਼ਖ਼ਮੀ ਹੋ ਗਏ। ਪੱਤਰਕਾਰ ਜਸਬੀਰ ਮੱਲ੍ਹੀ ਵੀ ਗੰਭੀਰ ਜ਼ਖ਼ਮੀ ਹੋਇਆ ਹੈ। ਹੁਣ ਤੱਕ 16 ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਾ ਚੁੱਕਾ ਹੈ। ਵਿਧਾਇਕ ਸਿਮਰਜੀਤ ਬੈਂਸ ਦਾ ਪੀਏ ਪਰਦੀਪ ਸਿੰਘ ਬੰਟੀ ਵੀ ਹਸਪਤਾਲ 'ਚ ਦਾਖ਼ਲ ਹੈ। ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠੇ ਹੋਏ ਲੋਕ ਇਨਸਾਫ਼ ਪਾਰਟੀ ਸਮਰਥਕਾਂ ਨੂੰ ਰੋਕਣ ਲਈ ਉੱਥੇ ਧਾਰਾ 144 ਲਾਗੂ ਕਰ ਦਿਤੀ ਗਈ ਹੈ।
Jasbir Malhi injured
ਜ਼ਿਕਰਯੋਗ ਹੈ ਕਿ ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਦੇਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਕਈ ਵਾਰ ਵਿਰੋਧ ਕੀਤਾ ਜਾ ਚੁੱਕਾ ਹੈ। ਵਾਰ-ਵਾਰ ਇਹੀ ਮੰਗ ਕੀਤੀ ਜਾਂਦੀ ਹੈ ਕਿ ਪੰਜਾਬ ਦਾ ਪਾਣੀ ਬਾਕੀ ਸੂਬਿਆਂ ਨੂੰ ਦੇਣ ਬਦਲੇ ਉਸ ਦੀ ਕੀਮਤ ਵਸੂਲੀ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਦਾ ਕੁਝ ਭਲਾ ਹੋ ਸਕੇ। ਪੰਜਾਬ ’ਚ ਪਾਣੀ ਦਾ ਪੱਧਰ ਦਿਨੋਂ-ਦਿਨ ਘਟ ਰਿਹਾ ਹੈ, ਇਸ ਲਈ ਵਾਰ-ਵਾਰ ਇਹੀ ਮੰਗ ਕੀਤੀ ਜਾਂਦੀ ਹੈ ਕਿ ਬਾਕੀ ਸੂਬਿਆਂ ਨੂੰ ਪਾਣੀ ਦੇਣਾ ਬੰਦ ਕੀਤਾ ਜਾਵੇ।