
ਮਾਮਲਾ ਅਨੁਪਮ ਖੇਰ ਵਲੋਂ ਪਾਤਰਾ ਦੀ ਵਡਿਆਈ ਲਈ ਗੁਰੂ ਸਾਹਿਬ ਦੇ ਸ਼ਬਦ ਵਰਤਣ ਦਾ,
ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ ਅਤੇ ਭਾਜਪਾ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਅਨੁਪਮ ਖੇਰ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਬਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦੇ ਕਸੀਦੇ ਪੜ੍ਹਨ ਲਈ ਵਰਤਣ ਦੀ ਸਖਤ ਆਲੋਚਨਾ ਕੀਤੀ ਹੈ।
File Photo
ਫ਼ਿਲਮ ਅਭਿਨੇਤਾ ਅਨੁਪਮ ਖੇਰ ਵਲੋਂ ਸਿੱਖਾਂ ਦੀਆਂ ਧਾਰਮਕ ਸੰਵੇਦਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਲਈ ਕੀਤੀ ਇਸ ਘਿਨਾਉਣੀ ਹਰਕਤ ਦੇ ਬਾਵਜੂਦ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਈਵਾਲ ਪਾਰਟੀ ਵਲੋਂ ਚੁੱਪ ਵੱਟਣ 'ਤੇ ਸ. ਰੰਧਾਵਾ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਖਰ ਅਕਾਲੀ ਕਦੋਂ ਤਕ ਪੰਜਾਬੀਆਂ ਅਤੇ ਸਿੱਖਾਂ ਦੇ ਨਿਰਾਦਰ ਕਰਨ ਵਾਲਿਆਂ ਦੀ ਸੁਰ ਵਿਚ ਸੁਰ ਵਿਚ ਮਿਲਾਉਂਦੇ ਰਹਿਣਗੇ।
Bikram Singh Majithia
ਸਾਲ 2014 ਦੀਆਂ ਸੰਸਦੀ ਚੋਣਾਂ ਵਿਚ ਤਤਕਾਲੀ ਅਕਾਲੀ ਮੰਤਰੀ ਬਿਕਰਮ ਮਜੀਠੀਆ ਵਲੋਂ ਅੰਮ੍ਰਿਤਸਰ ਤੋਂ ਉਸ ਵੇਲੇ ਦੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਕਸੀਦੇ ਪੜ੍ਹਦਿਆਂ ਬਾਣੀ ਦਾ ਨਿਰਾਦਰ ਕੀਤੇ ਜਾਣ ਦੀ ਘਟਨਾ ਚੇਤੇ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਜਿਹੜੀ ਅਖੌਤੀ ਪੰਥਕ ਪਾਰਟੀ ਦਾ ਆਗੂ ਖ਼ੁਦ ਅਜਿਹਾ ਬੱਜਰ ਗੁਨਾਹ ਕਰ ਸਕਦਾ ਹੈ ਤਾਂ ਉਸ ਦੇ ਭਾਈਵਾਲ ਤੋਂ ਕੀ ਆਸ ਰੱਖੀ ਜਾ ਸਕਦੀ ਹੈ?
Anupam Kher
ਕਾਂਗਰਸੀ ਮੰਤਰੀ ਨੇ ਕਿਹਾ ਕਿ ਸ੍ਰੀ ਖੇਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਦੇ ਜਜ਼ਬਾਤਾਂ 'ਤੇ ਸੱਟ ਮਾਰਨ ਦੀ ਘਟੀਆ ਹਰਕਤ ਕੀਤੀ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਖੇਰ ਦੀ ਪਤਨੀ ਕਿਰਨ ਖੇਰ ਸੰਸਦ ਵਿਚ ਪੰਜਾਬ ਦੀ ਰਾਜਧਾਨੀ ਦੀ ਨੁਮਾਇੰਦਗੀ ਕਰਦੀ ਹੈ। ਫਿਰ ਵੀ ਉਸ ਦੇ ਪਤੀ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਵਲੂੰਧਰਨ ਦੀ ਹਿਮਾਕਤ ਕੀਤੀ।
Harsimrat Badal
ਸ. ਰੰਧਾਵਾ ਨੇ ਅਕਾਲੀਆਂ ਨੂੰ ਘੇਰਦਿਆਂ ਆਖਿਆ ਕਿ ਜੇਕਰ ਬਾਦਲ ਪਰਵਾਰ ਨੇ ਅਕਾਲੀ ਦਲ ਦੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਭਾਜਪਾ ਦੀ ਝੋਲੀ ਪੈਣ ਦਾ ਫ਼ੈਸਲਾ ਕਰ ਹੀ ਲਿਆ ਹੈ ਤਾਂ ਬਾਦਲ ਪਰਵਾਰ ਨੂੰ ਅਕਾਲੀ ਦਲ ਦੇ ਅਹੁਦੇ ਛੱਡ ਕੇ ਭਾਜਪਾ ਨੂੰ ਹੀ ਮਾਂ-ਪਾਰਟੀ ਬਣਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਗਾਤਾਰ ਘੱਟ-ਗਿਣਤੀਆਂ, ਸੰਘੀ ਢਾਂਚੇ ਅਤੇ ਖਾਸ ਤੌਰ 'ਤੇ ਕਿਸਾਨਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ ਪਰ ਇਸ ਗੱਲ ਤੋਂ ਹੈਰਾਨੀ ਹੁੰਦੀ ਹੈ ਕਿ ਭਾਜਪਾ ਵਲੋਂ ਅਪਣੇ ਫੈਸਲੇ ਬਾਰੇ ਸਪੱਸ਼ਟੀਕਰਨ ਦੇਣ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸੋਚੇ ਸਮਝੇ ਬਿਨਾਂ ਮੋਦੀ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੰਦੇ ਹਨ।
Sukhbir Badal
ਕਾਂਗਰਸੀ ਆਗੂ ਨੇ ਕਿਹਾ ਕਿ ਅਕਾਲੀ ਦਲ ਆਖਰ ਕਦੋਂ ਤਕ ਕੇਂਦਰੀ ਵਜ਼ੀਰੀ ਦੇ ਲਾਲਚ ਵਿਚ ਅਪਣੇ ਸੂਬੇ, ਆਪਣੀ ਕੌਮ ਅਤੇ ਅਪਣੇ ਲੋਕਾਂ ਦੀਆਂ ਭਾਵਨਾਵਾਂ ਨਾਲ ਹੁੰਦਾ ਖਿਲਵਾੜ ਖਿੜੇ ਮੱਥੇ ਪ੍ਰਵਾਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਿੱਖ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਨੂੰ ਵੀ ਅਨੁਪਮ ਖੇਰ ਦੀ ਹਿਮਾਕਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ।