
ਇਸ ਸਬੰਧ 'ਚ ਪਾਕਿਸਤਾਨ ਗਏ 508 ਸ਼ਰਧਾਲੂਆਂ ਦੇ ਜੱਥੇ 'ਚ ਸ਼ਾਮਲ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੇ ਇਹ ਸਭ ਕੁਝ ਕਾਫ਼ੀ ਨੇੜੇ ਤੋਂ ਮਹਿਸੂਸ ਕੀਤਾ ਹੈ।
ਸ੍ਰੀ ਨਨਕਾਣਾ ਸਾਹਿਬ (ਨੀਲ ਭਲਿੰਦਰ ਸਿੰਘ ): ਇਮਰਾਨ ਖ਼ਾਨ ਦੀ ਅਗਵਾਈ ਵਾਲੀ ਨਵੀਂ ਪਾਕਿਸਤਾਨ ਸਰਕਾਰ ਦਾ ਆਪਣੇ ਮੁਲਕ ਵਿਚਲੀਆਂ ਘੱਟਗਿਣਤੀਆਂ ਖ਼ਾਸ ਕਰ ਸਿੱਖਾਂ ਪ੍ਰਤੀ ਰਵੱਈਆ ਕਾਫ਼ੀ ਬਦਲ ਚੁੱਕਾ ਪ੍ਰਤੀਤ ਹੋ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ 1 ਅਗੱਸਤ ਨੂੰ ਆਰੰਭ ਹੋਏ ਆਜ਼ਾਦੀ ਮਗਰੋਂ ਦੇ ਪਹਿਲੇ ਕੌਮਾਂਤਰੀ ਨਗਰ ਕੀਰਤਨ ਦੇ ਦੌਰਾਨ ਇਹ ਪ੍ਰਭਾਵ ਹਾਸਿਲ ਹੋਏ ਹਨ। ਇਸ ਸਬੰਧ 'ਚ ਪਾਕਿਸਤਾਨ ਗਏ 508 ਸ਼ਰਧਾਲੂਆਂ ਦੇ ਜੱਥੇ 'ਚ ਸ਼ਾਮਲ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੇ ਇਹ ਸਭ ਕੁਝ ਕਾਫ਼ੀ ਨੇੜੇ ਤੋਂ ਮਹਿਸੂਸ ਕੀਤਾ ਹੈ।
ਹਾਲਾਂਕਿ ਖ਼ਾਲਿਸਤਾਨੀ ਬਿਆਨਬਾਜ਼ੀ ਵਿਰੁਧ ਭਾਰਤੀ ਮੀਡੀਆ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਪਾਕਿਸਤਾਨ ਗੁਰਦੁਆਰਾ ਕਮੇਟੀ ਤੋਂ ਲਾਂਭੇ ਕੀਤੇ ਗਏ ਗੋਪਾਲ ਸਿੰਘ ਚਾਵਲਾ ਦੀ ਮੌਜੂਦਗੀ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਹਦੂਦ ਅੰਦਰ ਬਕਾਇਦਾ ਬਰਕਰਾਰ ਹੈ। ਚਾਵਲਾ ਨੂੰ ਨਾ ਸਿਰਫ਼ ਸੁਰੱਖਿਆ ਗਾਰਡ ਮਿਲੀ ਹੋਈ ਹੈ, ਬਲਕਿ 'ਪੰਜਾਬ ਸਿੱਖ ਸੰਗਤ' ਦੇ ਨਾਂ ਹੇਠ ਚਾਵਲਾ ਦਾ ਦਫ਼ਤਰ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਖੱਬੇ ਪਾਸੇ ਭਾਈ ਮਰਦਾਨਾ ਨਿਵਾਸ ਦੇ ਸੱਭ ਤੋਂ ਪਹਿਲੇ ਕਮਰੇ 'ਚ ਹੈ।
ਜਿੱਥੇ ਕਿ ਅੰਦਰ ਮੇਜ਼ਾ ਉੱਤੇ ਖ਼ਾਲਸਾਈ ਝੰਡੇ ਦੇ ਨਾਲ-ਨਾਲ ਪਾਕਿਸਤਾਨ ਦਾ ਕੌਮੀ ਝੰਡਾ ਵੀ ਸਜਾਇਆ ਹੋਇਆ ਵੇਖਣ ਨੂੰ ਮਿਲਿਆ। ਪਰ ਚਾਵਲਾ ਆਪਣੇ ਇਸ ਕਮਰੇ ਤੋਂ ਬਾਹਰ ਪੂਰੀ ਤਰ੍ਹਾਂ ਜਾਬਤੇ ਵਿਚ ਵਿਚਰਦੇ ਨਜਰੀਂ ਆਏ। ਇਥੋਂ ਤਕ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਚਾਵਲਾ ਨੇ ਰਤਾ ਨੇੜਤਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿਰਸਾ ਵੀ ਫ਼ੌਰੀ ਲਾਂਭੇ ਹੋ ਗਏ। ਇਸੇ ਤਰ੍ਹਾਂ 30 ਜੁਲਾਈ ਤੋਂ ਲੈ ਕੇ 1 ਜੁਲਾਈ ਤਕ ਤੜਕ ਸਵੇਰ ਤੋਂ ਸੁਖ ਆਸਨ ਤਕ ਗੁਰਦੁਆਰਾ ਸਾਹਿਬ ਕੰਪਲੈਕਸ ਅੰਦਰ ਸਿਰਫ਼ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਮਰਿਆਦਾ ਮੁਤਾਬਕ ਹੀ ਗਤੀਵਿਧੀਆਂ ਜਾਰੀ ਰਹੀਆਂ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਲਗਾਤਾਰ ਕੰਪਲੈਕਸ ਅੰਦਰ ਵਿਚਰਦੇ ਰਹੇ ਪਰ ਤਿੰਨ ਦਿਨਾਂ ਦੌਰਾਨ ਜਨਤਕ ਤੌਰ 'ਤੇ ਕੋਈ ਵੀ ਗ਼ੈਰ-ਧਾਰਮਕ ਭਾਸ਼ਣ, ਪੋਸਟਰ, ਸਾਹਿਤ ਆਦਿ ਵੇਖਣ-ਸੁਨਣ ਨੂੰ ਨਹੀਂ ਮਿਲਿਆ।
ਦੱਸਣਯੋਗ ਹੈ ਕਿ ਅਕਸਰ ਭਾਰਤੀ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਵਿਚਲੇ ਗੁਰਧਾਮਾਂ 'ਚ ਸ਼ਰਧਾ ਭਾਵਨਾ ਹਿੱਤ ਜਾਣ ਦੌਰਾਨ ਉਨ੍ਹਾਂ ਉੱਤੇ ਗਰਮਖ਼ਿਆਲੀ ਵਿਚਾਰਧਾਰਾ ਠੋਸੇ ਜਾਣ ਦੇ ਨਾ ਸਿਰਫ਼ ਦੋਸ਼ ਲੱਗਦੇ ਰਹੇ ਹਨ, ਬਲਕਿ ਅਜਿਹਾ ਸਾਹਿਤ, ਪੋਸਟਰ ਅਤੇ ਭਾਸ਼ਣਬਾਜ਼ੀਆਂ ਵੀ ਭਾਰੂ ਰਹਿੰਦੀਆਂ ਰਹੀਆਂ ਹਨ ਪਰ ਇਸ ਵਾਰ ਮੁਕੰਮਲ ਤੌਰ 'ਤੇ ਮਾਹੌਲ ਧਾਰਮਕ ਹੀ ਰਿਹਾ। ਇਸ ਮੌਕੇ ਇਸ ਪੱਤਰਕਾਰ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਕੁਝ ਛਾਣਬੀਣ ਤੋਂ ਪਤਾ ਲੱਗਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੇ ਕਿਸੇ ਵੀ ਗਰਮਖ਼ਿਆਲੀ ਮੁੱਦੇ ਉੱਤੇ ਭਾਰਤ ਨਾਲ ਟਕਰਾਅ ਤੋਂ ਗੁਰੇਜ਼ ਕਰਨ ਦੀ ਨੀਤੀ ਅਪਾ ਚੁੱਕੀ ਹੈ,
ਜਿਸ ਦੀ ਇਕ ਮਿਸਾਲ ਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਤਾਰਿਕ ਵਜ਼ੀਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਗਏ ਪ੍ਰਧਾਨ ਸਤਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਪ੍ਰਤੀ ਬੜੀ ਕੁਸ਼ਲ ਟੀਮ ਹੋਣ ਦੇ ਪ੍ਰਗਟਾਵੇ ਦੇ ਰੂਪ 'ਚ ਵੇਖੀ ਗਈ। ਵਜ਼ੀਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਆਉਂਦੇ ਸ਼ਤਾਬਦੀ ਸਮਾਗਮ ਮੌਕੇ ਟਰੱਸਟ ਬੋਰਡ ਪੂਰੀ ਰੂਚੀ ਲੈ ਕੇ ਪ੍ਰਬੰਧ ਮੁਕੰਮਲ ਕਰਨ ਵਿਚ ਰੁੱਝਿਆ ਹੋਇਆ ਹੈ।