
ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ .30 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ 'ਚ ਦੇਰ ਰਾਤ ਪੁਲਿਸ ਅਤੇ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ। ਪਿੱਛਾ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਰੇਡ ਕਰਕੇ ਮੁਲਜ਼ਮ ਦੀ ਗੱਡੀ ਨੂੰ ਰੋਕ ਲਿਆ। ਤਲਾਸ਼ੀ ਦੌਰਾਨ ਤਸਕਰ ਕੋਲੋਂ ਕਰੀਬ 7 ਕਰੋੜ ਰੁਪਏ ਦੇ ਨਜਾਇਜ਼ ਹਥਿਆਰ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ਕਾਰ (ਨੰਬਰ ਏ/ਐਫ) ਵਿਚ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਲੈ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਹੈ। ਸਥਾਨਕ ਪੁਲਿਸ ਦੀ ਤਰਫੋਂ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਗਾਇਆ ਗਿਆ।
ਜਦੋਂ ਮੁਲਜ਼ਮ ਨਾਕੇ ’ਤੇ ਪਹੁੰਚਿਆ ਤਾਂ ਉਸ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਪਰ ਉਸ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿਤੀਆਂ ਅਤੇ ਨਾਕਾ ਤੋੜ ਕੇ ਅੰਮ੍ਰਿਤਸਰ ਵੱਲ ਭੱਜ ਗਿਆ। ਪੁਲਿਸ ਅਤੇ ਤਸਕਰਾਂ ਵਿਚਕਾਰ ਕਈ ਗੋਲੀਆਂ ਚੱਲੀਆਂ। ਤਿੰਨ ਗੋਲੀਆਂ ਥਾਰ ’ਤੇ ਲੱਗੀਆਂ ਅਤੇ ਇੱਕ ਟਾਇਰ ਵਿਚ ਲੱਗੀ। ਟਾਇਰ ਪੰਕਚਰ ਹੋਣ ਤੋਂ ਬਾਅਦ ਕਾਰ ਦੀ ਰਫ਼ਤਾਰ ਧੀਮੀ ਹੋ ਗਈ ਪਰ ਤਸਕਰ ਉਦੋਂ ਤੱਕ ਕਾਰ ਲੈ ਕੇ ਫ਼ਰਾਰ ਹੋ ਗਿਆ ਜਦੋਂ ਤੱਕ ਉਸ ਦਾ ਟਾਇਰ ਉਤਰ ਨਾ ਗਿਆ। ਮਾਨਾਵਾਲਾ 'ਚ ਬੈਸਟ ਪ੍ਰਾਈਸ ਨੇੜੇ ਪੁਲਿਸ ਨੇ ਤਸਕਰ ਦੀ ਥਾਰ ਰੋਕਣ 'ਚ ਸਫਲਤਾ ਹਾਸਲ ਕੀਤੀ।
ਪੁਲਿਸ ਨੇ ਤਸਕਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਤਸਕਰ ਕੋਲੋਂ ਇੱਕ ਚਾਈਨਾ ਮੇਡ ਪਿਸਤੌਲ .30 ਬੋਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ 7 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿਚ ਧਾਰਾ 307,353,186 ਆਈਪੀਸੀ 25(2), 54, 59, ਅਸਲਾ ਐਕਟ 21, 61, 85 ਐਨਡੀਪੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।