
Sukhdev Singh Dhindsa: ਜਥੇਦਾਰ ਵਲੋਂ ਵੀ ਕੀਤੀ ਜਾ ਰਹੀ ਦੇਰੀ ਕਾਰਨ ਕੋਈ ਨਾ ਕੋਈ ਨਵਾਂ ਫਸਾਦ ਛਿੜ ਪੈਂਦਾ!
Possibilities of conflict between Sukhdev Singh Dhindsa and Sukhbir Badal factions: ਡੇਰਾ ਸੌਦਾ-ਸਾਧ ਅਤੇ ਸ੍ਰੀ ਗੁਰੂ-ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਗੰਭੀਰ ਮਸਲੇ ’ਚ ਪਾਟੋਧਾੜ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਸਿੰਘ ਬਾਦਲ ਧੜਿਆਂ ਦਰਮਿਆਨ ਤਿੱਖਾ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਦਾ ਖਦਸ਼ਾ ਬਣਦਾ ਜਾ ਰਿਹਾ ਹੈ।
ਦੂਸਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵਲੋਂ ਕੀਤੀ ਜਾ ਰਹੀ ਦੇਰੀ ਵੀ ਝਗੜੇ /ਫਸਾਦ ਦਾ ਕਾਰਨ ਬਣਦੀ ਜਾ ਰਹੀ ਹੈ। ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਛਿੜ ਜਾਂਦਾ ਹੈ ਜੋ ਇਕ ਦਮ ਮਾਹੌਲ ਅਸ਼ਾਂਤ ਕਰਨ ਦਾ ਜ਼ੁੰਮੇਵਾਰ ਬਣ ਜਾਂਦਾ। ਅਕਾਲੀ ਸਿਆਸਤ ਤੋਂ ਵਾਕਫ਼ਕਾਰਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਹ ਹੈ ਕਿ ਪ੍ਰਧਾਨਗੀਆਂ ਲੈਣ ਦੇਣ ਦਾ ਜਦ ਵੀ ਮਸਲਾ ਸਾਹਮਣੇ ਆਇਆ, ਅਕਾਲੀ ਲੀਡਰਸ਼ਿਪ ਦਰਮਿਆਨ ਤਿੱਖਾ ਤੇ ਅਸ਼ਾਂਤ ਮਾਹੌਲ ਬਣਦਾ ਹੀ ਰਿਹਾ।
ਇਹ ਬੜੀ ਚਰਚਿਤ ਵਿਅੰਗ ਅਕਾਲੀਆਂ ਬਾਰੇ ਹੈ ਕਿ ਇਹ ਪਹਿਲਾਂ ਸੱਤਾ ਲੈਣ ਲਈ ਇਕਠੇ ਹੋ ਕੇ ਮੋਰਚੇ ਲਾਉਂਦੇ ਹਨ। ਜੇ ਸਰਕਾਰ ਬਣ ਜਾਵੇ ਤਾਂ ਆਪਸ ਵਿਚ ਲੜ ਪੈਂਦੇ ਹਨ ਤੇ ਅਪਣੀ ਹਕੂਮਤ ਹੀ ਡੇਗ ਦਿੰਦੇ ਹਨ। ਜੇਕਰ ਸੱਤਾ ਵੀ ਨਹੀਂ ਮਿਲਦੀ ਤਾਂ ਪ੍ਰਧਾਨਗੀ ਲਈ ਅਕਾਲ ਤਖ਼ਤ ਸਾਹਿਬ ਪੁੱਜਣ ਜਾਂਦੇ ਹਨ। ਅਤੀਤ ਤੇ ਝਾਤ ਮਾਰੀਏ ਤਾਂ ਪਤਾ ਲੱਗ ਦਾ ਹੈ ਕਿ ਵਾਦ ਵਿਵਾਦ ਵਿਚ ਬਾਬਾ ਖੜਕ ਸਿੰਘ ਤੋਂ ਪ੍ਰਧਾਨਗੀ ਜਦ ਮਾਸਟਰ ਤਾਰਾ ਸਿੰਘ ਕੋਲ ਗਈ ਤਦ ਵੀ ਝਗੜਾ ਸਾਹਮਣੇ ਆਇਆ।
ਉਪਰੰਤ ਇਨ੍ਹਾਂ ਝਗੜਿਆਂ ਦਰਮਿਆਨ ਹੀ ਮਾਸਟਰ ਜੀ ਤੋਂ ਸੰਤ ਫ਼ਤਿਹ ਸਿੰਘ, ਸੰਤ ਚੰਨਣ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਆਦਿ ਕੋਲ ਪ੍ਰਧਾਨਗੀਆਂ ਵਿਵਾਦਾਂ ਤੇ ਟਕਰਾਅ ਵਿਚ ਹੀ ਆਈਆਂ ਤੇ ਗਈਆਂ। ਕੇਵਲ ਜਥੇਦਾਰ ਮੋਹਨ ਸਿੰਘ ਤੁੜ ਸਾਬਕਾ ਪ੍ਰਧਾਨ ਨੇ ਹੀ ਕਿਸੇ ਝਗੜੇ ’ਚ ਪੈਣ ਦੀ ਥਾਂ ਭਰਿਆ ਮੇਲਾ ਛੱਡ ਦਿਤਾ ਸੀ ਜਿਸ ਕਾਰਨ ਜਥੇਦਾਰ ਤੁੜ ਸਾਹਿਬ ਨੂੰ ਅੱਜ ਵੀ ਸਾਰੇ ਸਿਆਸੀ ਦਲ ਯਾਦ ਕਰਦੇ ਹਨ।
ਕੁਝ ਮਾਹਰਾਂ ਮੁਤਾਬਕ ਜੇਕਰ ਜਥੇਦਾਰ ਸਾਹਿਬ ਵੀ ਦੋਹਾਂ ਧਿਰਾਂ ਅਤੇ ਕੌਮ ਨੂੰ ਸੰਤੁਸ਼ਟ ਨਾ ਕਰ ਸਕੇ ਤਾਂ ਹਲਾਤ ਵਿਗੜ ਵੀ ਸਕਦੇ ਹਨ। ਇਸ ਲਈ ਆਉਣ ਵਾਲਾ ਸਿੱਖ ਪੰਥ ਦਾ ਸਮਾਂ ਬੜਾ ਜੋਖ਼ਮ ਭਰਿਆ ਦਸਿਆ ਜਾ ਰਿਹਾ ਹੈ।