
ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਦੀ ਲੜੀ ਤਹਿਤ........
ਮੋਗਾ : ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੀਤੇ ਜਾ ਰਹੇ ਸ਼ਕਤੀ ਪ੍ਰਦਰਸ਼ਨ ਦੀ ਲੜੀ ਤਹਿਤ ਅੱਜ ਮੋਗਾ 'ਚ ਕਨਵੈਸ਼ਨ ਕਰ ਕੇ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਕਈ ਤਰ੍ਹਾਂ ਦੇ ਤਿੱਖੇ ਸ਼ਬਦਾਂ ਦੇ ਵਾਰ ਕਰ ਕੇ ਨਿੰਦਾ ਕੀਤੀ, ਉਥੇ ਹੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜੀਅ ਭਰ ਕੇ ਕੋਸਿਆ। ਇਸ ਕਨਵੈਨਸ਼ਨ 'ਚ ਆਪ ਦੇ ਛੇ ਬਾਗੀ ਵਿਧਾਇਕ ਹਾਜ਼ਰ ਸਨ। ਖਹਿਰਾ ਨੇ ਦੋਸ਼ ਲਾਉਦਿਆਂ ਕਿਹਾ ਕਿ ਪੰਜਾਬ ਨੂੰ ਹਰ ਪੱਖੋਂ ਬਰਬਾਦ ਕਰਨ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ।
ਉਨ੍ਹਾਂ ਕਿ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਦਲ ਰਾਜ 'ਚ ਖੁੱਲੀ ਛੋਟ ਮਿਲੀ ਸੀ ਜਿਸ ਕਾਰਨ ਅੱਜ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੰਜਾਬ 'ਚ ਆਪਸੀ ਭਾਈਚਾਰਕ ਸਾਂਝ ਖਤਮ ਕਰਨ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਸ਼ੀ ਹਨ।
ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਦਿੱਲੀ ਦਰਬਾਰ ਦੀ ਝੋਲੀ ਪੈ ਕੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਪੰਜਾਬ ਹਿੱਤਾਂ ਦੀ ਬਿਲਕੁਲ ਵੀ ਪ੍ਰਵਾਹ ਨਹੀ ਹੈ। ਇਸ ਦਾ ਖਾਮਿਆਜਾ ਉਹਨਾਂ ਨੂੰ ਭਵਿੱਖ 'ਚ ਭੋਗਨਾ ਪੈ ਸਕਦਾ ਹੈ। ਇਸ ਮੌਕੇ ਆਪ ਵਿਧਾਇਕ ਸੰਧੂ, ਨਿਰਮਲ ਸਿੰਘ, ਜੈ ਸਿੰਘ, ਪਿਰਮਲ ਸਿੰਘ, ਜਗਦੇਵ ਸਿੰਘ ਆਦਿ ਹਾਜਰ ਸਨ।