
ਕੋਰੋਨਾ ਵਿਰੁਧ 'ਆਪ' ਵਰਕਰ ਪੰਜਾਬ ਵਿਚ ਵੰਡਣਗੇ ਆਕਸੀਜਨ ਮਾਪਣ ਵਾਲੇ ਮੀਟਰ
ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਮਦਦ ਲਈ ਹੱਥ ਵਧਾਇਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਰ ਗਲੀ ਮੁਹੱਲੇ ਜਾਂ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਆਕਸੀਮੀਟਰ ਵੰਡਣਗੇ।
Arvind Kejriwal
ਇਕ ਵੀਡੀਉ ਸੰਦੇਸ਼ ਜ਼ਰੀਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਆਪ ਵਰਕਰਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ, 'ਕੋਰੋਨਾ ਹਰ ਪਾਸੇ ਫੈਲ ਰਿਹਾ ਹੈ। ਪੰਜਾਬ ਵਿਚ ਵੀ ਕੋਰੋਨਾ ਕਾਫ਼ੀ ਫੈਲ ਚੁੱਕਾ ਹੈ। ਸਾਰਿਆਂ ਨੂੰ ਇਕੱਠੇ ਹੋਣ ਅਤੇ ਕੁੱਝ ਕਦਮ ਚੁੱਕਣ ਦੀ ਜ਼ਰੂਰਤ ਹੈ।
Kejriwal
ਆਪ ਨੇ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਿਚ ਅਸੀਂ ਦੇਖ ਚੁੱਕੇ ਹਾਂ ਕਿ ਆਕਸੀਮੀਟਰ ਬਹੁਤ ਮਦਦਗਾਰ ਸਾਬਤ ਹੋਇਆ ਹੈ। ਇਸ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਪਿੰਡ ਵਿਚ ਆਕਸੀਮੀਟਰ ਵੰਡੇਗੀ।
Amarinder Singh and Arvind Kejriwal
ਉਨ੍ਹਾਂ ਨੇ ਕਿਹਾ, 'ਆਪ ਦੇ ਵਰਕਰ ਹਰ ਘਰ ਵਿਚ ਜਾਣਗੇ ਅਤੇ ਲੋਕਾਂ ਦਾ ਆਕਸੀਜਨ ਪੱਧਣ ਮਾਪਣਗੇ। ਕੋਰੋਨਾ ਵਾਇਰਸ ਸੰਕਰਮਣ ਨਾਲ ਆਕਸੀਜਨ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਜਾਨ ਵੀ ਜਾ ਸਕਦੀ ਹੈ। ਇਸ ਲਈ ਅਸੀਂ ਆਕਸੀਜਨ ਪੱਧਰ ਦੀ ਜਾਂਚ ਕਰਾਂਗੇ ਅਤੇ ਜੇਕਰ ਕਿਸੇ ਵਿਚ ਆਕਸੀਜਨ ਘੱਟ ਪਾਈ ਜਾਂਦੀ ਹੈ ਤਾਂ ਉਸ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਜਾਵੇਗਾ।
Amarinder Singh and Arvind Kejriwal
ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਕਦਮ 'ਤੇ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂਆਂ ਨੇ ਕੇਜਰੀਵਾਲ ਨੂੰ ਕੇਵਲ ਦਿੱਲੀ ਵੱਲ ਧਿਆਨ ਦੇਣ ਦੀ ਨਸੀਹਤ ਦਿਤੀ ਹੈ। ਕੈਪਟਨ ਵਲੋਂ ਕੀਤੀ ਗਈ ਟਿੱਪਣੀ ਦੇ ਜਵਾਬ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਟਵੀਟ ਜ਼ਰੀਏ ਮੁੱਖ ਮੰਤਰੀ ਵੱਲ ਨਿਸ਼ਾਨਾ ਸਾਧਿਆ ਹੈ। ਆਉਂਦੇ ਦਿਨਾਂ ਦੌਰਾਨ ਇਸ ਮੱਦਦ ਦੇ ਬਹੁਤ ਸਾਰੇ ਮਾਇਨੇ ਨਿਕਲਣ ਦੇ ਅਸਾਰ ਹਨ। ਫ਼ਿਲਹਾਲ ਆਗੂਆਂ ਵਿਚਾਲੇ ਸ਼ਬਦੀ ਜੰਗ ਦਾ ਮਾਹੌਲ ਬਣਿਆ ਹੋਇਆ ਹੈ।