
ਖੇਤੀ ਮਾਹਰਾਂ ਨੇ ਕਾਟਨ ਫ਼ੈਕਟਰੀ ਨੂੰ ਠਹਿਰਾਇਆ ਜ਼ਿੰਮੇਵਾਰ, ਵਿਭਾਗ ਕਰਵਾਏਗਾ ਮੁਫ਼ਤ 'ਚ ਸਪਰੇ
ਬਠਿੰਡਾ : ਕਰੀਬ 36 ਸਾਲਾਂ ਪੰਜਾਬ ਦੇ ਖੇਤਾਂ 'ਚ ਮੁੜ ਪਰਤੀ 'ਗੁਲਾਬੀ ਸੁੰਡੀ' ਦੇ ਵਧਦੇ ਕਹਿਰ ਨੂੰ ਠੱਲਣ ਲਈ ਖੇਤੀਬਾੜੀ ਵਿਭਾਗ ਸਰਗਰਮ ਹੋ ਗਿਆ ਹੈ। ਅੱਜ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਤੇ ਖੇਤੀਬਾੜੀ ਯੂਨੀਵਰਸਟੀ ਦੇ ਖੋਜ ਕੇਂਦਰ ਦੇ ਡਾਇਰੈਕਟਰ ਡਾ ਪਰਮਜੀਤ ਸਿੰਘ ਸਹਿਤ ਮਾਹਰਾਂ ਨੇ ਬਠਿੰਡਾ ਨੇੜ੍ਹਲੇ ਪਿੰਡ ਜੋਧਪੁਰ ਰੋਮਾਣਾ ਦੇ ਖੇਤਾਂ ਵਿਚ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਪਿੰਡ ਦੇ ਕਿਸਾਨਾਂ ਨੇ ਦੋ ਦਿਨ ਪਹਿਲਾਂ ਦਰਜ਼ਨਾਂ ਕਿਸਾਨਾਂ ਨੇ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦੇ ਬੂਟਿਆਂ ਨੂੰ ਲੈ ਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ 'ਚ ਰੋਸ਼ ਪ੍ਰਦਰਸ਼ਨ ਕੀਤਾ ਸੀ।
Pink locust
ਸੂਚਨਾ ਮੁਤਾਬਕ ਖੇਤੀਬਾੜੀ ਮਾਹਰਾਂ ਨੇ ਇਸ ਪਿੰਡ ਦੇ ਖੇਤਾਂ 'ਚ ਕਹਿਰ ਬਰਸਾ ਰਾਹੀ ਗੁਲਾਬੀ ਸੁੰਡੀ ਲਈ ਇਥੇ ਲੱਗੀ ਇਕ ਕਾਟਨ ਫ਼ੈਕਟਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਡੀਕਰਨ ਬੋਰਡ ਕੋਲ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ। ਸੰਯੁਕਤ ਡਾਇਰੈਕਟਰ ਡਾ ਸਿੱਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ''ਮੁਢਲੀ ਪੜਤਾਲ ਮੁਤਾਬਕ ਇਸ ਫ਼ੈਕਟਰੀ ਦੇ ਮਾਲਕਾਂ ਵਲੋਂ ਬਾਹਰ ਤੋਂ ਮਾਲ ਲਿਆਉਣ ਦੀ ਸ਼ੰਕਾ ਹੈ, ਜਿਸਦੇ ਨਾਲ ਦਖਣ ਭਾਰਤ ਵਿਚੋਂ ਇਹ ਗੁਲਾਬੀ ਸੁੰਡੀ ਦਖਣੀ ਮਾਲਵਾ 'ਚ ਪੁੱਜੀ ਹੈ।'' ਉਨ੍ਹਾਂ ਇਹ ਵੀ ਦਸਿਆ ਕਿ ਗੁਲਾਬੀ ਸੁੰਡੀ ਦਾ ਰੋਲਾ ਪੈਣ ਤੋਂ ਬਾਅਦ ਫ਼ੈਕਟਰੀ ਮਾਲਕਾਂ ਵਲੋਂ ਇਥੇ ਟੋਆ ਪੁੱਟ ਕੇ ਤਾਜ਼ੀ ਰਹਿੰਦ-ਖੁੰਹਦ ਨੱਪੀ ਗਈ ਸੀ, ਜਿਸਨੂੰ ਅੱਜ ਮੌਕੇ 'ਤੇ ਪੁੱਟਵਾਇਆ ਗਿਆ।
Pink locust
ਸੂਚਨਾ ਮੁਤਾਬਕ ਇਸ ਟੋਏ ਵਿਚ ਨੱਪੇ ਬੜੇਵਿਆਂ ਤੇ ਕਪਾਹ ਦੀਆਂ ਫੁੱਟੀਆਂ ਵਿਚੋਂ ਗੁਲਾਬੀ ਸੁੰਡੀ ਦੇ ਪਤੰਗੇ ਪਾਏ ਗਏ ਹਨ। ਹਾਲਾਂਕਿ ਫ਼ੈਕਟਰੀ ਮਾਲਕ ਮੋਹਿਤ ਬਾਂਸਲ ਨੇ ਖੇਤੀਬਾੜੀ ਅਧਿਕਾਰੀਆਂ ਦੇ ਦਾਅਵੇ ਨੂੰ ਗ਼ਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਪਿਛਲੇ 5 ਸਾਲਾਂ ਵਿਚ ਇਕ ਵਾਰ ਵੀ ਸੀਡ ਜਾਂ ਰੂੰਈ ਦਖਣ ਭਾਰਤ ਵਿਚੋਂ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਧਿਕਾਰੀ ਸਿਰਫ਼ ਕਿਸਾਨਾਂ ਦੇ ਪਿਛੇ ਲੱਗ ਕੇ ਫ਼ੈਕਟਰੀ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ ਜਦੋਂਕਿ ਇਥੇ ਆਸਪਾਸ ਕਈ ਸੀਡ ਗੋਦਾਮ ਹਨ ਤੇ ਤੇਲ ਫ਼ੈਕਟਰੀਆਂ ਵੀ ਹਨ, ਜਿਥੇ ਲੱਖਾਂ ਟਨ ਸੀਡ ਦਖਣ ਭਾਰਤ ਤੋਂ ਆਉਂਦਾ ਹੈ। ਉਧਰ ਖੇਤੀ ਮਾਹਰਾਂ ਦੀ ਮੁਢਲੀ ਪੜਤਾਲ ਮੁਤਾਬਕ ਗੁਲਾਬੀ ਸੁੰਡੀ ਨੇ ਇਸ ਪਿੰਡ ਦੇ ਕਰੀਬ 300 ਏਕੜ ਰਕਬੇ ਵਿਚ ਨਰਮੇ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ। ਮਾਹਰਾਂ ਮੁਤਾਬਕ ਹੁਣ ਤਕ ਨਰਮੇ ਦੇ ਬੂਟੇ ਨੂੰ ਲੱਗੇ ਟੀਡਿਆਂ ਵਿਚੋਂ 60 ਫ਼ੀ ਸਦੀ ਤੋਂ ਵੱਧ ਅੰਦਰੋਂ ਸੁੰਡੀ ਨੇ ਖ਼ਤਮ ਕਰ ਦਿਤੇ ਹਨ। ਜਿਸਤਂੋ ਬਾਅਦ ਹੁਣ ਖੇਤੀਬਾੜੀ ਮਾਹਰਾਂ ਦਾ ਸਾਰਾ ਜੋਰ 20 ਸਤੰਬਰ ਤਕ ਲੱਗਣ ਵਾਲੇ ਫ਼ਲ ਨੂੰ ਬਚਾਉਣ 'ਤੇ ਲੱਗ ਗਿਆ ਹੈ। ਉਂਜ ਇਸ ਮਾਰੂ ਸੁੰਡੀ ਦਾ ਹਮਲਾ ਜੋਧਪੁਰ ਰੋਮਾਣਾ ਨਾਲ ਲੱਗਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਵੀ ਦੇਖਣ ਨੂੰ ਮਿਲਿਆ ਹੈ।
Pink locust
ਜਿਥੇ ਵੀ ਇਕ ਹੋਰ ਕਾਟਨ ਫ਼ੈਕਟਰੀ ਲੱਗੀ ਹੋਈ ਹੈ। ਖੇਤੀਬਾੜੀ ਮਾਹਰਾਂ ਵਲੋਂ ਪਿੰਡ ਜੋਧਪੁਰ ਰੋਮਾਣਾ 'ਚ ਲੱਗੀ ਸ਼੍ਰੀ ਕ੍ਰਿਸ਼ਨਾ ਕਾਟਨ ਫ਼ੈਕਟਰੀ ਤੋਂ ਇਲਾਵਾ ਇਥੋਂ ਨੇੜਲੀਆਂ ਸਿਵ ਕਾਕਟਸ ਫ਼ੈਕਟਰੀ ਤੇ ਅਗਰਵਾਲ ਕਾਟਨ ਫ਼ੈਕਟਰੀ ਦਾ ਵੀ ਮੁਆਇਨਾ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਪੰਜਾਬ ਵਿਚ ਸਾਲ 1983-84 ਤਕ ਗੁਲਾਬੀ ਸੁੰਡੀ ਨਰਮੇ ਦੇ ਖੇਤਾਂ ਵਿਚ ਚਿੱਟੀ ਮੱਖੀ ਤੋਂ ਵੱਧ ਕਹਿਰ ਮਚਾਉਂਦੀ ਰਹੀ ਹੈ। ਪ੍ਰੰਤੂ ਕਿਸਾਨਾਂ ਤੇ ਖੇਤੀਬਾੜੀ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਅਦ ਇਸਨੂੰ ਖ਼ਤਮ ਕੀਤਾ ਜਾ ਸਕਿਆ ਸੀ। ਉਂਜ ਇਹ ਸੁੰਡੀ ਸਾਲ 2018 ਵਿਚ ਦਖਣ ਭਾਰਤ ਵਿਚ ਮਿਲੀ ਸੀ, ਜਿਥੋਂ ਹੁਣ ਫ਼ੈਕਟਰੀ ਮਾਲਕਾਂ ਦੁਆਰਾ ਮਾਲ ਲਿਆਉਣ ਦੀ ਚਰਚਾ ਚੱਲ ਸੁਣਾਈ ਦੇ ਰਹੀ ਹੈ।
Pink locust
ਪੰਜਾਬ 'ਚ ਮੌਜੂਦਾ ਸਮੇਂ ਪੰਜ ਲੱਖ ਹੈਕਟੇਅਰ ਦੇ ਕਰੀਬ ਰਕਬੇ ਵਿਚ ਨਰਮੇਂ ਦੀ ਬੀਜਾਂਦ ਕੀਤੀ ਹੋਈ ਹੈ। ਹਾਲਾਂਕਿ ਕੁੱਝ ਦਿਨ ਪਹਿਲਾਂ ਮਾਨਸਾ ਅਤੇ ਫ਼ਾਜਲਿਕਾ 'ਚ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਸੂਚਨਾ ਸੀ ਪ੍ਰੰਤੂ ਇਸਦਾ ਹਮਲਾ ਖ਼ਤਰਨਾਕ ਪੱਧਰ ਤੋਂ ਕਾਫ਼ੀ ਘੱਟ ਸੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਬਹਾਦਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਸਾਲ ਬਠਿੰਡਾ ਜ਼ਿਲ੍ਹੇ 'ਚ 1,72,488 ਹੈਕਟੇਅਰ ਰਕਬੇ 'ਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ। ਜਿਸ ਵਿਚ 4,198 ਹੈਕਟੇਅਰ ਰਕਬੇ 'ਤੇ ਬੈਡ ਪਲਾਂਟਿੰਗ ਰਾਹੀਂ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਾਲ ਨਰਮੇ ਦੀ ਫ਼ਸਲ ਬਹੁਤ ਵਧੀਆ ਹੈ ਤੇ ਚੰਗੇ ਝਾੜ ਦੀ ਉਮੀਦ ਕੀਤੀ ਜਾ ਰਹੀ ਹੈ।