
ਬਾਦਲਾਂ ਨੇ 'ਜਥੇਦਾਰ' ਅਤੇ ਕਮੇਟੀ ਦੇ ਪ੍ਰਧਾਨ ਨੂੰ ਬਦਲਣ ਦਾ ਦੁਬਾਰਾ ਦਿਤਾ ਇਸ਼ਾਰਾ......
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਕੋਰ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਰਮ ਪੈ ਗਏ ਹਨ ਅਤੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਏਲਚੀਆਂ ਨਾਲ ਤਿੰਨ ਅਕਤੂਬਰ ਨੂੰ ਮੀਟਿੰਗ ਕਰਨ ਲਈ ਹਾਮੀ ਭਰ ਦਿਤੀ ਹੈ। ਵੱਡੇ ਬਾਦਲ ਨੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਖਿਸਕ ਰਹੀ ਡੋਰ ਨੂੰ ਕਿਸੇ ਹੱਦ ਤਕ ਸੰਭਾਲ ਲਿਆ ਹੈ। ਸੂਤਰ ਦਸਦੇ ਹਨ ਕਿ ਵੱਡੇ ਬਾਦਲ ਨੇ ਕਈ ਸੀਨੀਅਰ ਨੇਤਾਵਾ ਨੂੰ ਸੁਨੇਹਾ ਭੇਜ ਕੇ ਸੱਤ ਅਕਤੂਬਰ ਦੀ ਰੈਲੀ ਤੋਂ ਬਾਅਦ ਉਨ੍ਹਾਂ ਦੇ 'ਮਨ ਦੀ ਗੱਲ' ਸੁਣਨ ਦਾ ਭਰੋਸਾ ਦਿਤਾ ਹੈ।
ਉਥੇ ਸੂਤਰਾਂ ਦੀ ਇਤਲਾਹ 'ਤੇ ਪਤਾ ਲੱਗਾ ਹੈ ਕਿ ਵੱਡੇ ਬਾਦਲ ਨੇ ਹਾਲ ਦੀ ਘੜੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦਲ ਦੇ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਘੱਟ ਕਰਨ ਲਈ ਕਹਿ ਦਿਤਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ਉਨ੍ਹਾਂ ਨੇ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੂੰ ਇਸ਼ਾਰਾ ਕਰ ਕੇ ਸੰਕੇਤ ਦਿਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬਦਲਣ ਦਾ ਮਾਮਲਾ ਹਾਲੇ ਵੀ ਵਿਚਾਰਅਧੀਨ ਹੈ।
ਇਕ ਹੋਰ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਦੀ ਡਿਊਟੀ ਲੋਕ ਸਭਾ ਦੇ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਲਗਾਈ ਹੈ। ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਦਲ ਦੇ ਉਚ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ 'ਅਗਿਆਤਵਾਸ' ਹੋ ਗਏ ਸਨ, ਪ੍ਰੋ. ਚੰਦੂਮਾਜਰਾ ਅਤੇ ਸ. ਬ੍ਰਹਮਪੁਰਾ ਦੇ ਸੰਪਰਕ ਵਿਚ ਹਨ। ਦੋਵੇਂ ਨੇਤਾਵਾਂ ਨੇ ਵੱਡੇ ਢੀਂਡਸਾ ਨਾਲ ਸੰਪਰਕ ਬਣਾ ਕੇ ਗੱਲਬਾਤ ਲਈ ਚੰਡੀਗੜ੍ਹ ਵਿਚ ਤਿੰਨ ਅਕਤੂਬਰ ਦਾ ਸਮਾਂ ਮੁਕਰਰ ਕਰ ਦਿਤਾ ਹੈ।
ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਇਹ ਕਹਿ ਕੇ ਅਸਤੀਫ਼ਾ ਦੇ ਦਿਤਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਪਾਰਟੀ ਵਿਚ ਰਹਿ ਕੇ ਇਕ ਨਿਮਾਣੇ ਵਰਕਰ ਵਜੋਂ ਕੰਮ ਕਰਨਗੇ। ਉਨ੍ਹਾਂ ਤੋਂ ਬਾਅਦ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਬਗ਼ਾਵਤ ਦਾ ਇਸ਼ਾਰਾ ਕੀਤਾ ਸੀ ਪਰ ਐਲਾਨ ਤੋਂ ਪਹਿਲਾਂ ਹੀ ਵੱਡੇ ਬਾਦਲ ਨੇ ਉਨ੍ਹਾਂ ਨੂੰ ਪਤਿਆ ਲਿਆ ਸੀ।