
84 ਦੀ ਤਰ੍ਹਾਂ ਬਰਗਾੜੀ ਇਨਸਾਫ਼ ਵਿਚ ਹੋ ਰਹੀ ਦੇਰੀ ਸਿੱਖ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਰਹੀ ਹੈ : ਸੰਤ ਸਮਾਜ
ਮੁੱਲਾਂਪੁਰ ਗ਼ਰੀਬਦਾਸ : ਸੰਤ ਸਮਾਜ ਨਾਲ ਜੁੜੇ ਸਮੂਹ ਮਹਾਂਪੁਰਸ਼ਾਂ ਅਤੇ ਵਿਦਵਾਨਾਂ ਨੇ ਸਮੁੱਚੇ ਤੌਰ 'ਤੇ ਇਹ ਭਾਵਨਾ ਪ੍ਰਗਟ ਕੀਤੀ ਹੈ ਕਿ ਜਿਵੇਂ 1984 ਦੇ ਸਿੱਖ ਕਤਲੇਆਮ ਦਾ 35 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ, ਇਸੇ ਤਰ੍ਹਾਂ ਪਿਛਲੇ ਤਿੰਨ ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਘੋਰ ਬੇਅਦਬੀ ਅਤੇ ਸਿੱਖ ਸੰਗਤਾਂ ਤੇ ਜ਼ੁਲਮ ਢਾਹੁਣ ਵਾਲਿਆਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ। 1984 ਦੀ ਤਰ੍ਹਾਂ ਬਰਗਾੜੀ ਘਟਨਾਕ੍ਰਮ ਸਬੰਧੀ ਇਨਸਾਫ਼ ਵਿਚ ਹੋ ਰਹੀ ਦੇਰੀ, ਸਿੱਖ ਮਾਨਸਿਕਤਾ 'ਤੇ ਗਹਿਰੀ ਚੋਟ ਮਾਰ ਰਹੀ ਹੈ। ਸਿੱਖ ਪੰਥ ਅੱਜ ਵੀ ਬਰਗਾੜੀ ਵਿਚ ਸੰਘਰਸ਼ ਕਰ ਰਿਹਾ ਹੈ।
ਇਸ ਕਰ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੁਰਤ ਕਾਰਵਾਈ ਕਰ ਕੇ ਅਪਣਾ ਨੈਤਿਕ ਫ਼ਰਜ਼ ਅਦਾ ਕਰਨ। ਬਾਬਾ ਲਖਬੀਰ ਸਿੰਘ ਨੇ ਕਿਹਾ ਹੈ ਕਿ ਸਾਰੇ ਪੰਥ ਨੂੰ ਇਕ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋਣਾ ਚਾਹੀਦਾ ਹੈ। ਸਾਡੀ ਇਕ ਰਹਿਤ ਮਰਿਆਦਾ ਅਤੇ ਇਕ ਕੈਲੰਡਰ ਹੋਵੇ। ਅੱਜ ਦੇ ਇਕੱਠ ਵਿਚ ਜੇਲਾਂ ਵਿਚ ਸਜ਼ਾ ਪੂਰੀ ਕਰ ਚੁਕੇ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ।
ਇਹ ਪ੍ਰਗਟਾਵਾ ਅੱਜ ਸਿੱਖ ਪੰਥ ਦੀ ਪ੍ਰਸਿੱਧ ਸੰਸਥਾ ਰਤਵਾੜਾ ਸਾਹਿਬ ਵਿਚ, ਬਾਬਾ ਲਖਬੀਰ ਸਿੰਘ ਦੀ ਅਗਵਾਈ ਵਿਚ ਹੋ ਰਹੇ ਗੁਰਮਤਿ ਸਮਾਗਮ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਤੇ ਮਹਾਂਪੁਰਸ਼ਾਂ ਦੀ ਯਾਦ ਮਨਾਈ ਗਈ। ਇਸ ਸਮਾਗਮ ਦੇ ਆਖ਼ਰੀ ਦਿਨ ਸੰਤ ਸਮਾਜ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਇਕ ਸੁਰ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰ ਨੂੰ ਉਪਰੋਕਤ ਸੁਨੇਹਾ ਦਿਤਾ ਹੈ। ਸਮਾਗਮ ਦੇ ਪ੍ਰਮੁੱਖ ਸੰਚਾਲਕ ਅਤੇ ਸੰਸਥਾ ਦੇ ਮੁਖੀ ਬਾਬਾ ਲਖਬੀਰ ਸਿੰਘ ਨੇ ਵੈਰਾਗਮਈ ਕੀਰਤਨ ਕਰਦੇ ਹੋਏ ਜਿਥੇ ਨਾਮ ਦੀਆਂ ਬਰਕਤਾਂ, ਸੇਵਾ, ਸਿਮਰਨ ਅਤੇ ਮਹਾਂਪੁਰਸ਼ਾਂ ਦੇ ਆਦਰਸ਼ਮਈ ਜੀਵਨ ਤੇ ਝਾਤ ਪਾਈ,
ਉਸ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਨੂੰ ਬਹਾਲ ਕਰਨ ਲਈ ਘੋਰ ਬੇਅਦਬੀ ਲਈ ਦੁਖ ਜ਼ਾਹਰ ਕੀਤਾ ਪ੍ਰੰਤੂ ਹੁਣ ਤਕ ਕੋਈ ਇਨਸਾਫ਼ ਨਾ ਮਿਲਣੇ ਨੂੰ ਗਹਿਰੀ ਚਿੰਤਾ ਦਾ ਵਿਸ਼ਾ ਦਸਿਆ। ਉਨ੍ਹਾਂ ਕਿਹਾ ਅਸੀਂ ਮੰਗ ਕਰਦੇ ਹਾਂ ਗੁਰੂ ਸਾਹਿਬ ਦੇ ਦੋਸ਼ੀਆਂ ਤੇ ਸਖ਼ਤ ਕਾਰਵਾਈ ਹੋਵੇ ਤਾਕਿ ਮੁੜ ਕੋਈ ਅਜਿਹਾ ਕਾਰਾ ਕਰਨ ਦੀ ਜੁਰਅਤ ਨਾ ਕਰ ਸਕੇ। ਸੰਤ ਸਮਾਜ ਦੀਆਂ ਅਹਿਮ ਸ਼ਖ਼ਸੀਅਤਾਂ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਇਕਮਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਚ ਸ਼ਹੀਦ ਕੀਤੇ
ਸਿੱਖਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਸਾਨੂੰ ਇਸ ਗੱਲ ਦਾ ਸਦਾ ਮਾਣ ਰਹੇਗਾ ਕਿ ਜਦੋਂ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਣ ਮਰਿਆਦਾ ਦੀ ਗੱਲ ਆਈ ਤਾਂ ਬਾਬਾ ਲਖਬੀਰ ਸਿੰਘ ਨੇ ਡੱਟ ਕੇ ਪੰਥਕ ਹਿਤਾਂ ਦੀ ਪਹਿਰੇਦਾਰੀ ਕੀਤੀ ਤੇ ਪੰਥ ਨੂੰ ਪਹਿਲ ਦਿਤੀ। ਇਸੇ ਕਰ ਕੇ ਉਸ ਸਮੇਂ ਲਏ ਸਟੈਂਡ ਦੀ ਬਦੌਲਤ ਅੱਜ ਪੂਰੇ ਸਿੱਖ ਜਗਤ ਵਿਚ ਵਿਸ਼ੇਸ਼ ਸਤਿਕਾਰ ਹੈ ਅਤੇ ਇਹ ਆਉਣ ਵਾਲੇ ਇਤਿਹਾਸ ਦਾ ਹਿੱਸਾ ਬਣੇਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਿੱਖਾਂ 'ਤੇ ਮੌਕੇ ਦੀ ਸਰਕਾਰ ਨੇ ਜਬਰ ਜ਼ੁਲਮ ਕੀਤਾ, ਉਸ ਸਮੇਂ ਕਿਹੜਾ ਕਿਥੇ ਖੜਾ ਸੀ
ਇਹ ਨਿਰਣਾ ਆਉਣ ਵਾਲਾ ਇਤਿਹਾਸ ਕਰੇਗਾ ਜਿਸ ਵਿਚ ਬਾਬਾ ਲਖਬੀਰ ਸਿੰਘ ਨੇ ਅਪਣੇ ਵੱਡੇ ਮਹਾਂਪੁਰਸ਼ਾਂ ਅਤੇ ਇਸ ਸੰਸਥਾ ਦਾ ਨਾਮ ਵੱਡੇ ਪੱਧਰ 'ਤੇ ਰੋਸ਼ਨ ਕੀਤਾ। ਇਤਿਹਾਸ ਵਿਚ ਇਕ ਜਗ੍ਹਾ ਸਤਿਕਾਰਤ ਪਾਤਰ ਦੇ ਰੂਪ ਵਿਚ ਬਣਾਈ ਹੈ। ਅੱਜ ਗੁਰੂ ਗ੍ਰੰਥ ਸਾਹਿਬ ਪੁਛ ਰਹੇ ਹਨ ਕਿ ਕੀ ਕੀਤਾ ਤੁਸੀਂ ਮੇਰੇ ਲਈ? ਬੇਅਦਬੀ ਹੋਣ ਮਗਰੋਂ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਪਿਛਲੇ ਦਹਾਕੇ ਵਿਚ ਸਰਕਾਰੀ ਸਮਾਗਮਾਂ ਵਿਚ ਇਕੱਠ ਕਰਨ ਲਈ ਮੁੰਬਈ ਤੋਂ ਨੱਚਣ ਵਾਲੀਆਂ ਲਿਆਂਦੀਆਂ ਗਈਆਂ। ਇਤਿਹਾਸ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਾਚੀ ਦਾ ਨਾਚ ਕਰਵਾਇਆ,
ਕੋਰੜਿਆਂ ਦੀ ਸਜ਼ਾ ਮਿਲੀ। ਸੰਗਤਾਂ ਗੁਰੂ ਦੇ ਦਰਦ ਰੱਖਣ ਵਾਲਿਆਂ ਨੂੰ ਅੱਗੇ ਲਿਆਉਣ। ਸ਼੍ਰੋਮਣੀ ਅਕਾਲੀ ਦਲ ਬੜੀਆਂ ਕੁਰਬਾਨੀਆਂ ਨਾਲ ਬਣਿਆ ਹੈ। ਜੀਵਨ ਵਾਲੇ ਸਿੰਘ ਅੱਗੇ ਆਉਣ। ਧਰਮ ਤੇ ਰਾਜਨੀਤੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਧਰਮ ਕੇਂਦਰ ਵਿਚ ਹੋਵੇ ਤੇ ਰਾਜਨੀਤੀ ਉਸ ਦੇ ਦੁਆਲੇ ਘੁੰਮੇ। ਗੁਰੂ ਨਾਨਕ ਸਾਹਿਬ ਦੇ 500 ਸਾਲਾ ਮਨਾਉਣ ਦੀ ਤਾਂ ਹੀ ਖ਼ੁਸ਼ੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਅੱਜ ਦੇ ਸਮਾਗਮ ਵਿਚ ਬਾਬਾ ਸੁਖਜੀਤ ਸਿੰਘ ਸੰਗਰੂਰ, ਬਾਬਾ ਮਹਿੰਦਰ ਸਿੰਘ ਭੜੀ, ਰਾਗੀ ਦਵਿੰਦਰ ਸਿੰਘ ਸੋਢੀ, ਸ. ਮਨਜੀਤ ਸਿੰਘ ਜਲੰਧਰ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਡਾ. ਬਲਵਿੰਦਰ ਕੌਰ ਚਾਹਲ,
ਬਾਬਾ ਗੁਰਪਾਲ ਸਿੰਘ, ਸੰਤ ਗੁਰਨਾਮ ਸਿੰਘ ਯੂ.ਪੀ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਹਰਪਾਲ ਸਿੰਘ ਜੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਸਟੇਜ ਦੀ ਸੇਵਾ ਭਾਈ ਜਸਵੰਤ ਸਿੰਘ ਅਤੇ ਪ੍ਰੋ. ਗੁਰਦੇਵ ਸਿੰਘ ਨੇ ਬਾਖੂਬੀ ਨਿਭਾਈ। ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਸ. ਰਣਜੀਤ ਸਿੰਘ ਗਿੱਲ, ਬੰਨੀ ਕੰਗ ਅਤੇ ਸ. ਹਰਭਾਗ ਸਿੰਘ ਦੇਸੂਮਾਜਰਾ ਨੇ ਵੀ ਸੰਗਤ ਦੇ ਦਰਸ਼ਨ ਕੀਤੇ। ਅੱਜ ਟਰੱਸਟ ਰਤਵਾੜਾ ਸਾਹਿਬ ਦੇ ਸਕੂਲਾਂ ਦੇ ਛੇ ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਅਰਦਾਸ ਦੀ ਸੇਵਾ ਡਾ. ਭਾਈ ਸੁਖਵਿੰਦਰ ਸਿੰਘ ਨੇ ਨਿਭਾਈ ਅਤੇ ਸਮਾਗਮ ਦੀ ਸੰਪੂਰਨਤਾ ਹੋਈ।
ਸਮਾਗਮ ਦੌਰਾਨ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਿਚਕਾਰ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਬਾਬਾ ਸਰਬਜੋਤ ਸਿੰਘ ਬੇਦੀ ਦੀ ਸਰਪ੍ਰਸਤੀ ਹੇਠ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸਾਰਾ ਸਾਲ ਮਨਾਉਣ ਸਬੰਧੀ ਵਿਸ਼ਾਲ ਇਕੱਠ ਕਰ ਕੇ ਇਸ ਦੀ ਆਰੰਭਤਾ ਸਬੰਧੀ ਵਿਚਾਰਾਂ ਕੀਤੀਆਂ ਜਿਸ ਵਿਚ ਲਿਟਰੇਚਰ, ਗੁਟਕੇ ਆਦਿਕ ਛਪਵਾ ਕੇ ਸੈਮੀਨਾਰਾਂ ਦੇ ਪ੍ਰੋਗਰਾਮ ਪੰਜਾਬ ਅਤੇ ਬਾਹਰ ਦਫ਼ਤਰ ਖੋਲ੍ਹਣ ਸਬੰਧੀ ਵੀਚਾਰ ਚਰਚੇ ਹੋਣ ਦੀ ਵੀ ਚਰਚਾ ਹੋਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤ ਸਮਾਜ ਦੀਆਂ ਸ਼ਖ਼ਸੀਅਤਾਂ ਨੇ ਮੌਜੂਦਾ ਪੰਥਕ ਸਥਿਤੀ ਬਾਬਤ ਵੀ ਵਿਚਾਰ ਕੀਤਾ ਅਤੇ ਇਨ੍ਹਾਂ ਤਿੰਨਾਂ ਵਲੋਂ ਪਿਛਲੇ ਸਮੇਂ ਵਿਚ ਲਏ ਸਟੈਂਡ ਦੀ ਸਮੀਖਿਆ ਕੀਤੀ ਗਈ ਅਤੇ ਪੰਥਕ ਸਫ਼ਾਂ ਵਿਚ ਮਿਲੇ ਹੁੰਗਾਰੇ ਦੀ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਫ਼ੈਸਲਾ ਕੀਤਾ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਪੰਥ ਹਿਤਾਂ ਵਿਚ ਡੱਟ ਕੇ ਪਹਿਰੇਦਾਰੀ ਕਰਨ ਦਾ ਫ਼ੈਸਲਾ ਕੀਤਾ। ਆਉਣ ਵਾਲੇ ਪੰਥਕ ਭਵਿੱਖ ਵਿਚ ਕਿਵੇਂ ਕੀ ਰੋਲ ਅਦਾ ਕਰਨਾ ਹੈ, ਇਸ ਬਾਬਤ ਚਰਚਾ ਹੋਈ। ਪਿਛਲੀ ਦਿਨੀਂ ਜੋਧਾਂ ਮਨਸੂਰਾਂ ਵਿਚ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਿਚ 250 ਦੇ ਕਰੀਬ ਪ੍ਰਮੁੱਖ ਸੰਤਾਂ ਮਹਾਂਂਪੁਰਸ਼ਾਂ ਵਲੋਂ ਕੀਤੀ ਸ਼ਮੂਲੀਅਤ ਵਿਚ ਹੋਏ ਅਹਿਮ ਫ਼ੈਸਲਿਆਂ ਨੂੰ ਪੂਰਾ ਕਰਨ ਵਿਚ ਚਰਚਾ ਹੋਈ।