
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਾਜ਼ਿਲਕਾ ਦੇ ਇਕ ਸਕੂਲ ਦੇ ਪਖਾਨੇ ਵਿਚ ਸੈਨੇਟਰੀ ਪੈਡ ਮਿਲਣ ਉਪਰੰਤ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਾਜ਼ਿਲਕਾ ਦੇ ਇਕ ਸਕੂਲ ਦੇ ਪਖਾਨੇ ਵਿਚ ਸੈਨੇਟਰੀ ਪੈਡ ਮਿਲਣ ਉਪਰੰਤ ਕਥਿਤ ਤੌਰ 'ਤੇ ਲੜਕੀਆਂ ਦੀ ਕੀਤੀ ਗਈ ਤਲਾਸ਼ੀ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ ਅਤੇ ਜਾਂਚ ਪੂਰੀ ਹੋਣ ਤੱਕ ਮਾਮਲੇ ਵਿਚ ਮੁਢਲੇ ਤੌਰ 'ਤੇ ਸ਼ਾਮਲ 2 ਅਧਿਆਪਕਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਸੋਮਵਾਰ ਤੱਕ ਇਸ ਮਾਮਲੇ ਦੀ ਮੁਕੰਮਲ ਜਾਂਚ ਕਰਕੇ ਅਗਲੇਰੀ ਲੋੜੀਂਦੀ ਕਾਰਵਾਈ ਕਰਨ ਦੇ ਵੀ ਆਦੇਸ਼ ਦਿਤੇ ਹਨ। ਮੁੱਖ ਮੰਤਰੀ ਦੇ ਧਿਆਨ ਵਿਚ ਇਹ ਮਾਮਲਾ ਇਕ ਵੀਡੀਓ ਰਾਹੀਂ ਆਇਆ ਜਿਸ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੁੰਦਲ ਦੇ ਲੜਕੀਆਂ ਦੇ ਸਰਕਾਰੀ ਸਕੂਲ ਦੀ ਇਕ ਵਿਦਿਆਰਥਣ ਰੋ-ਰੋ ਕੇ ਸ਼ਿਕਾਇਤ ਕਰ ਰਹੀ ਸੀ ਕਿ ਅਧਿਆਪਕਾਂ ਵਲੋਂ ਉਨ੍ਹਾਂ ਦੀ ਸਕੂਲ ਅੰਦਰ ਤਲਾਸ਼ੀ ਲਈ ਗਈ ਹੈ।
ਜਾਣਕਾਰੀ ਅਨੁਸਾਰ ਸਕੂਲ ਦੇ ਇਕ ਪਖਾਨੇ ਵਿਚ ਸੈਨੇਟਰੀ ਪੈਡ ਮਿਲਣ ਉਪਰੰਤ ਅਧਿਆਪਕਾਂ ਨੇ ਤਲਾਸ਼ੀ ਰਾਹੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਲੜਕੀਆਂ ਵਿਚੋਂ ਕਿਸ ਨੇ ਸੈਨੇਟਰੀ ਪੈਡ ਪਾਇਆ ਹੋਇਆ ਹੈ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਅਧਿਆਪਕਾਂ ਨੇ ਲੜਕੀਆਂ ਨੂੰ ਪੈਡ ਦਾ ਨਿਪਟਾਰਾ ਸਹੀ ਢੰਗ ਨਾਲ ਕਰਨ ਬਾਰੇ ਸਮਝਾਉਣ ਦੀ ਬਜਾਏ ਉਨ੍ਹਾਂ ਦੀ ਤਲਾਸ਼ੀ ਲੈਣ ਦਾ ਫੈਸਲਾ ਲਿਆ ਜਿਸ ਤੋਂ ਤੁਰਤ ਬਾਅਦ ਮੁੱਖ ਮੰਤਰੀ ਨੇ ਫੌਰੀ ਤੌਰ 'ਤੇ ਕਾਰਵਾਈ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਸਕੂਲ ਦਾ ਦੌਰਾ ਕਰਨ ਲਈ ਆਖਿਆ ਅਤੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਪਾਸੋਂ ਪੁੱਛਗਿੱਛ ਕਰਕੇ ਇਨ੍ਹਾਂ ਦੋਵਾਂ ਅਧਿਆਪਕਾਂ ਦੀ ਸ਼ਮੂਲੀਅਤ ਬਾਰੇ ਜ਼ਾਹਰਾ ਤੌਰ 'ਤੇ ਸਬੂਤਾਂ ਦਾ ਪਤਾ ਲਾਉਣ ਲਈ ਵੀ ਆਖਿਆ। ਇਸੇ ਆਧਾਰ 'ਤੇ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਪ੍ਰਸ਼ਾਸਕੀ ਆਧਾਰ 'ਤੇ ਇਨ੍ਹਾਂ ਅਧਿਆਪਕਾਂ ਦਾ ਸਕੂਲ ਤੋਂ ਬਾਹਰ ਤਬਾਦਲਾ ਕਰਨ ਦੇ ਹੁਕਮ ਤੁਰਤ ਜਾਰੀ ਕਰਨ ਦੇ ਹੁਕਮ ਦਿਤੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਦਿਆਰਥਣਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਰਸਮੀ ਰਿਪੋਰਟ ਹਾਸਲ ਹੋਣ 'ਤੇ ਨਿਯਮਾਂ ਮੁਤਾਬਕ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਿੱਖਿਆ ਸਕੱਤਰ ਨੂੰ ਨਿੱਜੀ ਤੌਰ 'ਤੇ ਜਾਂਚ ਦੀ ਨਿਗਰਾਨੀ ਕਰਨ ਅਤੇ ਸੋਮਵਾਰ ਤੱਕ ਉਨ੍ਹਾਂ ਨੂੰ ਅੰਤਮ ਰਿਪੋਰਟ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਿਆ।