
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ ਦਾ ਜਾਇਜ਼ਾ...
ਅੰਮ੍ਰਿਤਸਰ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਤੇ ਮੁਆਵਜ਼ਾ ਛੇਤੀ ਵੰਡਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਇਲਾਕੇ ਵਿਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿਤੇ।
ਸਕਾਈਪ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੋਂ ਇਲਾਵਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੁਲੀਸ ਕਮਿਸ਼ਨਰ ਸੁਧਾਂਸ਼ੂ ਸ੍ਰੀਵਾਸਤਵਾ ਨੇ ਵੀ ਸ਼ੁੱਕਰਵਾਰ ਨੂੰ ਵਾਪਰੇ ਰੇਲ ਹਾਦਸੇ ਦੇ ਮੱਦੇਨਜ਼ਰ ਅੰਮ੍ਰਿਤਸਰ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿਤੀ। ਇਨ੍ਹਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਇਕ ਪੀੜਤ ਨੂੰ ਛੱਡ ਕੇ ਬਾਕੀ ਸਾਰੇ ਪੀੜਤਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ।
ਸੁਰੇਸ਼ ਕੁਮਾਰ ਨੇ ਦੱਸਿਆ ਕਿ 58 ਮ੍ਰਿਤਕਾਂ ਵਿਚੋਂ 52 ਦਾ ਸਸਕਾਰ ਕਰ ਦਿਤਾ ਗਿਆ ਹੈ ਜਦਕਿ ਬਾਕੀਆਂ ਦਾ ਸਸਕਾਰ ਵੀ ਅੱਜ ਕਰ ਦਿਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਾਦਸੇ ਵਿਚ ਜ਼ਖਮੀ ਹੋਏ 58 ਵਿਅਕਤੀਆਂ ਨੂੰ ਹਸਪਤਾਲਾਂ ਵਿਚ ਬਿਹਤਰੀਨ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਹਾਦਸੇ ਨਾਲ ਕੁੱਲ 116 ਪਰਿਵਾਰ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ
ਕਿ ਇਸ ਹਾਦਸੇ ਵਿਚ ਮਰਨ ਵਾਲਿਆਂ ਲਈ ਉਨ੍ਹਾਂ ਵਲੋਂ ਐਲਾਨਿਆ ਗਿਆ ਮੁਆਵਜ਼ਾ ਵਾਰਸਾਂ ਨੂੰ ਦੇਣ ਦੀ ਪ੍ਰਕ੍ਰਿਆ ਵਿਚ ਤੇਜ਼ੀ ਲਿਆਂਦੀ ਜਾਵੇ। ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੀ ਸਲਾਹ ਮੁਤਾਬਕ ਗੈਰ-ਸਰਕਾਰੀ ਸੰਸਥਾਵਾਂ ਅਤੇ ਮਾਲ ਤੇ ਸਮਾਜ ਭਲਾਈ ਵਿਭਾਗਾਂ ਦੇ ਅਧਿਕਾਰੀਆਂ 'ਤੇ ਅਧਾਰਿਤ ਹੰਗਾਮੀ ਸਹਾਇਤਾ ਗਰੁੱਪਾਂ ਦਾ ਗਠਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਵਲੋਂ ਪੀੜਤ ਪਰਿਵਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਰਾਸ਼ਨ, ਕੰਬਲ, ਕੱਪੜੇ ਆਦਿ ਦੀ ਕਿਸੇ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪੀੜਤਾਂ ਦੀ ਸਮਾਜਿਕ-ਆਰਥਿਕ ਸਥਿਤੀ ਦਾ ਬਿਓਰਾ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਆਖਿਆ ਤਾਂ ਕਿ ਇਨ੍ਹਾਂ ਦੇ ਮੁੜ ਵਸੇਬੇ ਦੇ ਕਾਰਜ ਨੂੰ ਪਹਿਲ ਦੇ ਆਧਾਰ 'ਤੇ ਅਮਲ ਵਿਚ ਲਿਆਂਦਾ ਜਾ ਸਕੇ। ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਨੇ ਦੱਸਿਆ
ਕਿ ਬੀਤੇ ਦਿਨ ਤੋਂ ਇਸ ਕਾਰਜ ਨੂੰ ਯੋਜਨਾਬੱਧ ਢੰਗ ਨਾਲ ਚਲਾਇਆ ਜਾ ਰਿਹਾ ਹੈ ਤਾਂ ਜੋ ਲੋੜ ਮੁਤਾਬਕ ਨੌਕਰੀਆਂ, ਪੈਨਸ਼ਨ ਅਤੇ ਵਿਦਿਅਕ ਸਹਾਇਤਾ ਆਦਿ ਦਾ ਪਤਾ ਲਾਇਆ ਜਾ ਸਕੇ। ਦੋਵਾਂ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿਤੀ ਕਿ ਸਥਿਤੀ ਸ਼ਾਂਤੀਪੂਰਨ ਹੈ ਅਤੇ ਰੇਲ ਸੇਵਾਵਾਂ ਆਮ ਵਾਂਗ ਬਹਾਲ ਹੋ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਪੀੜਤ ਪਰਿਵਾਰਾਂ ਨੂੰ ਸਰਕਾਰ ਵਲੋਂ ਹਰ ਸੰਭਵ ਮਦਦ ਦਿੱਤੀ ਜਾਣੀ ਚਾਹੀਦੀ ਹੈ ਅਤੇ ਜ਼ਰੂਰੀ ਵਸਤਾਂ ਪਹਿਲ ਦੇ ਆਧਾਰ 'ਤੇ ਮੁੱਹਈਆ ਕਰਵਾਉਣ ਵਿਚ ਕਿਸੇ ਕਿਸਮ ਦੀ ਦੇਰੀ ਨਹੀਂ ਹੋਣੀ ਚਾਹੀਦੀ।
ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿਤੀ ਗਈ ਕਿ ਇਸ ਦੌਰਾਨ ਕੈਬਨਿਟ ਮੰਤਰੀਆਂ ਦੇ ਸੰਕਟ ਪ੍ਰਬੰਧਨ ਗਰੁੱਪ ਦੇ ਮੁਖੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਬਾਅਦ ਦੁਪਹਿਰ ਤਿੰਨ ਵਜੇ ਮਿਲਣ ਦਾ ਪ੍ਰੋਗਰਾਮ ਨਿਰਧਾਰਤ ਹੈ ਜਦਕਿ ਪੰਜਾਬ ਕਾਂਗਰਸ ਵਲੋਂ ਪਾਰਟੀ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਸ਼ਾਮ 5 ਵਜੇ ਇਲਾਕੇ 'ਚ ਮੋਮਬੱਤੀ ਮਾਰਚ ਕੱਢਿਆ ਜਾਵੇਗਾ।