
ਸਰਕਾਰ ਰਾਜਸਥਾਨ, ਹਰਿਆਣਾ, ਦਿੱਲੀ ਤੋਂ ਕੀਮਤ ਵਸੂਲਣ ਲਈ ਬਿੱਲ ਭੇਜੇ।
ਲੁਧਿਆਣਾ - ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜ਼ਿਲ੍ਹਾ ਤੇ ਹਲਕਾ ਪ੍ਰਧਾਨ ਦੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰ ਤੋੜਨ ਲਈ ਪੰਜਾਬ ਤੋਂ ਵੱਖ-ਵੱਖ ਸੂਬਿਆਂ ਨੂੰ ਜਾਂਦਾ ਪਾਣੀ ਬੰਦ ਕੀਤਾ ਜਾਵੇ ਜਾਂ ਸਰਕਾਰ ਰਾਜਸਥਾਨ, ਹਰਿਆਣਾ, ਦਿੱਲੀ ਤੋਂ ਕੀਮਤ ਵਸੂਲਣ ਲਈ ਬਿੱਲ ਭੇਜੇ।
Modi
ਉਨ੍ਹਾਂ ਕਿਹਾ ਕਿ 21 ਲੱਖ ਲੋਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਪੰਜਾਬ ਵਿਧਾਨ ਸਭਾ 'ਚ ਦਾਇਰ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਮਾਂ ਲਓ, ਜੇਕਰ ਉਹ ਵੀ ਸਮਾਂ ਨਹੀਂ ਦਿੰਦੇ ਤਾਂ ਇਸ ਬਾਰੇ ਸਾਰੀ ਦੁਨੀਆ 'ਚ ਕੇਂਦਰ ਸਰਕਾਰ ਬਾਰੇ ਜਾਣਕਾਰੀ ਫੈਲ ਜਾਵੇਗੀ। ਇਸ ਬੈਠਕ 'ਚ ਬੈਂਸ ਨੇ 16 ਨਵੰਬਰ ਤੋਂ 19 ਨਵੰਬਰ ਤੱਕ ਕੱਢੀ ਜਾਣ ਵਾਲੀ ਪੰਜਾਬ ਅਧਿਕਾਰ ਯਾਤਰਾ ਬਾਰੇ ਡਿਊਟੀਆਂ ਵੀ ਲਗਾਈਆਂ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇਤੀ ਸੁਧਾਰ ਕਾਨੂੰਨਾਂ ਦੇ ਮਾਮਲੇ 'ਚ ਤਿੰਨ ਵਾਰ ਪਹੁੰਚ ਕਰਨ ਦੇ ਬਾਵਜੂਦ ਰਾਸ਼ਟਰਪਤੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ।
Farmers Protest
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੱਲ੍ਹ 4 ਨਵੰਬਰ ਨੂੰ ਅਪਣੇ ਵਿਧਾਇਕਾਂ ਨਾਲ ਮਿਲ ਕੇ ਰਾਜਘਾਟ 'ਤੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਨੇ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਕਾਰਨ ਪੰਜਾਬ ਦੇ ਬਿਜਲੀ ਸੰਕਟ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਦੀ ਗੰਭੀਰ ਸਥਿਤੀ ਨੂੰ ਉਜਾਗਰ ਕਰਨ ਲਈ ਉਨ੍ਹਾਂ ਵਲੋਂ ਇਹ ਧਰਨਾ ਦਿੱਤਾ ਜਾਵੇਗਾ।
Captain Amarinder Singh
ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਧਾਰਾ 144 ਲੱਗੇ ਹੋਣ ਕਾਰਨ ਪੰਜਾਬ ਭਵਨ ਤੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਤੱਕ ਚਾਰ-ਚਾਰ ਵਿਧਾਇਕਾਂ ਦਾ ਜਥਾ ਮਾਰਚ ਕਰੇਗਾ। ਪਹਿਲਾ ਜਥਾ ਸਵੇਰੇ 10.30 ਵਜੇ ਰਵਾਨਾ ਹੋਵੇਗਾ, ਜਿਸ ਦੀ ਅਗਵਾਈ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।