ਇਲਾਕੇ ’ਚ ਸੋਗ ਦੀ ਲਹਿਰ, ਪਰਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ
ਗੁਰਦਾਸਪੁਰ: ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਦੇ ਜੰਮਪਲ ਜ਼ੋਰਾਵਾਰ ਸਿੰਘ (23) ਦੀ ਕੈਨੇਡਾ 'ਚ ਇਕ ਝੀਲ 'ਚੋਂ ਭੇਤਭਰੀ ਹਾਲਤ 'ਚ ਲਾਸ਼ ਮਿਲਣ ਦੀ ਖ਼ਬਰ ਕਲਾਨੌਰ ਪੁੱਜਣ 'ਤੇ ਪਰਿਵਾਰ ਤੇ ਇਲਾਕਾ ਸੋਗ 'ਚ ਡੁੱਬਾ ਹੋਇਆ ਹੈ। ਇਸ ਦੁੱਖ ਭਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਜੀਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜ਼ੋਰਾਵਰ ਸਿੰਘ ਜਨਵਰੀ 2022 'ਚ ਕੈਨੇਡਾ ਦੇ ਬਰੈਂਪਟਨ ਸ਼ਹਿਰ ਸਟੱਡੀ ਬੇਸ 'ਤੇ ਲੱਖਾਂ ਰੁਪਏ ਖਰਚ ਕੇ ਗਿਆ ਹੋਇਆ ਸੀ। ਜ਼ੋਰਾਵਰ ਸਿੰਘ ਕੈਨੇਡਾ 'ਚ ਆਪਣੇ ਵੱਡੇ ਭਰਾ ਜੋਗਰਾਜ ਸਿੰਘ ਕੋਲ ਰਹਿ ਰਿਹਾ ਸੀ
ਪਰਿਵਾਰਕ ਜੀਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਕਾਲ ਰਾਹੀਂ ਪਤਾ ਲੱਗਾ ਕਿ ਜ਼ੋਰਾਵਾਰ ਸਿੰਘ ਜਦੋਂ ਆਪਣੀ ਗੱਡੀ 'ਤੇ ਖਾਣਾ ਪੈਕ ਕਰਵਾ ਕੇ ਕੰਮ 'ਤੇ ਗਿਆ ਹੋਇਆ ਸੀ ਤਾਂ ਉਹ ਉੱਥੇ ਨਹੀਂ ਪਹੁੰਚਿਆ। ਇਸ ਸਬੰਧੀ ਜਦੋਂ ਕੰਪਨੀ ਵੱਲੋਂ ਛੇ ਘੰਟੇ ਬਾਅਦ ਜ਼ੋਰਾਵਰ ਸਿੰਘ ਦਾ ਪਤਾ ਲੱਗਾ ਤਾਂ ਉਸ ਦੀ ਮ੍ਰਿਤਕ ਦੇਹ ਇਕ ਝੀਲ 'ਚੋਂ ਭੇਤਭਰੀ ਹਾਲਤ 'ਚ ਮਿਲੀ। ਪਰਿਵਾਰਕ ਜੀਆਂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਬੇਵਕਤੀ ਮੌਤ ਨਾਲ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਮੌਕੇ ਤੇ ਪਰਿਵਾਰਿਕ ਜੀਆਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇ ਨੂੰ ਵਤਨ ਲਿਆਂਦਾ ਜਾਵੇ।