
ਜਪੁਜੀ ਸਾਹਿਬ ਦਾ ਪਾਠ ਮੰਤਰਾਂ ਵਾਂਗ ਕਰਨ ਦੀ ਬਜਾਏ ਗਿਆਨ ਹਾਸਲ ਕਰਨ ਲਈ ਕਰਨਾ ਚਾਹੀਦਾ ਹੈ.........
ਸੰਗਰੂਰ : ਜਪੁਜੀ ਸਾਹਿਬ ਦਾ ਪਾਠ ਮੰਤਰਾਂ ਵਾਂਗ ਕਰਨ ਦੀ ਬਜਾਏ ਗਿਆਨ ਹਾਸਲ ਕਰਨ ਲਈ ਕਰਨਾ ਚਾਹੀਦਾ ਹੈ। ਜਪੁਜੀ ਸਾਹਿਬ ਦੇ ਮਨੁੱਖ ਨੂੰ ਅਰਥਾਂ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਬਾਣੀ ਸਮਝਾ ਕੀ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਵਿਖੇ ਹਰ ਮਹੀਨੇ ਹੋਣ ਵਾਲੇ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਠ ਮੰਤਰਾਂ ਵਾਂਗ ਪੜ੍ਹਦੇ ਹਾਂ
ਫਿਰ ਭਾਵੇਂ ਲੱਖਾਂ ਪਾਠ ਕਰ ਲਵੋ, ਪਰੰਤੂ ਪਾਠ ਬਾਣੀ ਵਿਚੋਂ ਗਿਆਨ ਹਾਸਲ ਕਰਨ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਸਮਝਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਜਿੰਨੇ ਦੁੱਖ ਕਿਸੇ ਤੇ ਨਹੀਂ ਪਏ ਪਰੰਤੂ ਉਹ ਦੁਖੀ ਇਸ ਲਈ ਨਹੀਂ ਹੋਏ ਕਿਉਂਕਿ ਉਨ੍ਹਾਂ ਕੋਲ ਗਿਆਨ ਹੈ। ਉਨ੍ਹਾਂ ਗਿਆਨ ਹਾਸਲ ਕਰ ਲਿਆ ਸੀ। ਮਨੁੱਖ ਇਸ ਲਈ ਦੁਖੀ ਰਹਿੰਦਾ ਹੈ ਕਿਉਂਕਿ ਮਨੁੱਖ ਬਾਣੀ ਪੜ੍ਹਦਾ ਜ਼ਰੂਰ ਹੈ ਪਰੰਤੂ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਸਿੱਖ ਨੂੰ ਗੁੱਸਾ ਕਰਨ ਦੀ ਬਜਾਏ ਗੁੱਸਾ ਪੀਣ ਦਾ ਸੁਭਾਅ ਪਾਲਣਾ ਚਾਹੀਦਾ ਹੈ। ਉਨ੍ਹਾਂ ਦਸਿਆ ਸਾਡੇ ਦੀਵਾਨ ਰੋਕਣ ਵਾਲਿਆਂ ਨੂੰ ਸੰਗਤਾਂ ਗੁੰਡਾ ਸ਼ਬਦ ਨਾਲ ਜਾਨਣ ਲੱਗੀਆਂ ਹਨ।
ਉਨ੍ਹਾਂ ਕਿਹਾ ਕਿ ਜਿਹੜੀਆਂ ਸੰਗਤਾਂ ਦੀਵਾਨ ਰੋਕਣ ਵਾਲਿਆਂ ਦਾ ਸਤਿਕਾਰ ਕਰਦੀਆਂ ਸਨ ਉਹ ਵੀ ਉਨ੍ਹਾਂ ਨੂੰ ਨਫ਼ਰਤ ਕਰਨ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਦੀਵਾਨ ਸਾਰੇ ਪਾਸਿਉ ਬੰਦ ਕਰਵਾ ਦਿਤੇ ਜਾਣ ਪਰੰਤੂ ਉਹ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਣਗੇ। ਭਾਈ ਰਣਜੀਤ ਸਿੰਘ ਨੇ ਦਸਿਆ ਕਿ ਦੀਵਾਨ ਬੰਦ ਕਰਵਾਉਣ ਵਾਲਿਆਂ ਦੀ ਗੁੰਡਾਗਰਦੀ ਜੱਗ ਜ਼ਾਹਰ ਹੋ ਗਈ ਹੈ। ਲੋਕਾਂ ਨੂੰ ਤੁਹਾਡੀ ਗੁੰਡਾਗਰਦੀ ਅਤੇ ਪੰਥ ਵਿਰੋਧ ਹੋਣ ਦਾ ਪਤਾ ਲੱਗ ਚੁਕਾ ਹੈ।
ਅਖ਼ੀਰ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਦਸਿਆ ਕਿ 5 ਜਨਵਰੀ ਨੂੰ 2019 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਅਤੇ ਦੁਪਹਿਰ 12 ਵਜੇ ਦੇ ਦੀਵਾਨ ਸਜਾਏ ਜਾਣਗੇ। ਹਰ ਐਤਵਾਰ ਨੂੰ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਜਨਰਲ ਬੀਮਾਰੀਆਂ ਦਾ ਇਲਾਜ ਕਰਨ ਲਈ ਡਾਕਟਰਾਂ ਦੀ ਟੀਮ ਚੈਕਅੱਪ ਸ਼ੁਰੂ ਕਰੇਗੀ, ਲੋੜਵੰਦ ਮਰੀਜ਼ ਐਤਵਾਰ ਨੂੰ ਅਪਣਾ ਇਲਾਜ ਕਰਵਾ ਸਕਦੇ ਹਨ।