ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨਾਲ ਖ਼ਾਸ ਗੱਲਬਾਤ 'ਸ਼੍ਰੋਮਣੀ ਕਮੇਟੀ ਕਾਰਨ ਪੰਜਾਬ 'ਚ ਡੇਰਾਵਾਦ ਫੈਲਿਆ'
Published : Sep 3, 2017, 11:40 am IST
Updated : Sep 3, 2017, 6:10 am IST
SHARE ARTICLE


g ਭਾਈ ਰਣਜੀਤ ਸਿੰਘ ਜੀ ਸਿੱਖੀ ਦੇ ਪ੍ਰਚਾਰ ਵਿਚ ਨਿਘਾਰ ਕਿਉਂ ਆ ਰਿਹਾ ਹੈ? ਕੀ ਪ੍ਰਚਾਰ ਦੀ ਘਾਟ ਰਹਿ ਗਈ ਹੈ? ਸ੍ਰ੍ਰੀ ਹਰਮੰਦਰ ਸਾਹਿਬ ਦੇ ਰਾਗੀਆਂ ਤੇ ਪ੍ਰਚਾਰਕਾਂ ਨੂੰ ਹੜਤਾਲ ਕਿਉਂ ਕਰਨੀ ਪਈ?
ਜਵਾਬ : ਇਸ ਸਬੰਧੀ ਸ਼੍ਰੋਮਣੀ ਕਮੇਟੀ ਬਰਾਬਰ ਦੀ ਦੋਸ਼ੀ ਹੈ। ਪ੍ਰਚਾਰ ਕਰਨਾ ਅਤੇ ਕਰਵਾਉਣਾ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ। ਜੇ ਸ਼੍ਰੋਮਣੀ ਕਮੇਟੀ ਸੌਧਾ ਸਾਧ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ਲਈ ਲੱਖਾਂ ਰੁਪਏ ਦੇ ਇਸ਼ਤਿਹਾਰ ਲਗਵਾ ਸਕਦੀ ਹੈ ਤਾਂ ਉਹ ਅਪਣੇ ਪ੍ਰਚਾਰਕਾਂ ਨੂੰ ਸਹੀ ਤਰੀਕੇ ਨਾਲ ਤਨਖਾਹਾਂ ਕਿਉਂ ਨਹੀਂ ਦੇ ਸਕਦੀ। ਸ਼੍ਰੋਮਣੀ ਕਮੇਟੀ ਕੋਲ ਅਰਬਾਂ ਰੁਪਏ ਦਾ ਬਜਟ ਹੈ। ਕਮੇਟੀ ਪ੍ਰਚਾਰਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰੇ। ਕਮੇਟੀ ਨੂੰ ਚਾਹੀਦਾ ਹੈ ਕਿ ਉਹ ਪ੍ਰਚਾਰਕਾਂ ਨੂੰ ਪੂਰੀਆਂ ਤਨਖਾਹਾਂ ਦੇਵੇ ਅਤੇ ਪ੍ਰਚਾਰਕ ਖੁੱਲ੍ਹ ਕੇ ਸਟੇਜਾਂ 'ਤੇ ਪ੍ਰਚਾਰ ਕਰਨ ਨੂੰ ਪਹਿਲ ਦੇਣ।
g ਪੰਜਾਬ ਵਿਚ ਡੇਰਾਵਾਦ ਫੈਲਣ ਦਾ ਮੁੱਖ ਕਾਰਨ ਕੀ ਹੈ?
ਜਵਾਬ : ਡੇਰਾਵਾਦ ਫੈਲਣ ਦਾ ਵੱਡਾ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਸਹੀ ਢੰਗ ਨਾਲ ਗੁਰਬਾਣੀ ਦਾ ਪ੍ਰਚਾਰ ਅਤੇ ਸਿੱਖ ਰਹਿਤ ਮਰਿਆਦਾ ਹਰ ਗੁਰਦੁਆਰੇ ਵਿਚ ਲਾਗੂ ਨਹੀਂ ਕਰਵਾ ਸਕੀ। ਇਸੇ ਤਰ੍ਹਾਂ ਗੁਰਮਤ ਦੀ ਸਮਝ ਨਾ ਹੋਣ ਕਾਰਨ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਡੇਰੇਦਾਰ ਗੁਮਰਾਹ ਕਰ ਲੈਂਦੇ ਹਨ। ਜੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਗੁਰਮਤ ਦੀ ਸੋਝੀ ਦਿੱਤੀ ਜਾਂਦੀ ਤਾਂ ਸ਼ਾਇਦ ਉਹ ਲੋਕ ਡੇਰੇਦਾਰਾਂ ਦੇ ਚੁੰਗਲ ਵਿਚ ਫਸਦੇ ਗਲਤ ਪਾਸੇ ਨਾ ਪੈਂਦੇ। ਸ਼੍ਰੋਮਣੀ ਕਮੇਟੀ ਕੋਲ ਬਹੁਤ ਵੱਡਾ ਬਜਟ ਹੈ। ਉਹ ਵਧੀਆ ਪ੍ਰਚਾਰਕ ਰੱਖ ਕੇ ਸਹੀ ਢੰਗ ਨਾਲ ਗੁਰਬਾਣੀ ਦਾ ਪ੍ਰਚਾਰ ਕਰਦੀ ਤਾਂ ਹੋ ਸਕਦੈ ਅਜਿਹਾ ਕੁਝ ਨਾ ਵਾਪਰਦਾ।
g ਸਿੱਖ ਰਹਿਤ ਮਰਿਆਦਾ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?
ਜਵਾਬ : ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣਾ ਜਥੇਦਾਰਾਂ ਦੀ ਜਿੰਮੇਵਾਰੀ ਹੈ ਪਰ ਸਾਡੀ ਕੌਮ ਲਈ ਦੁੱਖ ਦੀ ਗੱਲ ਇਹ ਹੈ ਕਿ ਜਥੇਦਾਰ ਖੁਦ ਡੇਰਿਆਂ ਵਿਚ ਜਾ ਕੇ ਲਿਫ਼ਾਫ਼ੇ ਲੈਂਦੇ ਹਨ ਅਤੇ ਉਨ੍ਹਾਂ ਵਲੋਂ ਬਣਾਈਆਂ ਮਰਿਆਦਾਵਾਂ ਨੂੰ ਪ੍ਰਮੋਟ ਕਰਦੇ ਹਨ। ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣਾ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦਾ ਕੰਮ ਸੀ ਪਰ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਤਾਂ ਖੁਦ ਡੇਰਿਆਂ ਦੀਆਂ ਚੌਕੀਆਂ ਭਰਦੇ ਹਨ। ਇਹੀ ਵੱਡੇ ਕਾਰਨ ਹਨ ਕਿ ਲੋਕਾਂ ਨੂੰ ਗੁਰਮਤਿ ਦੀ ਸਮਝ ਨਾ ਹੋਣ ਕਾਰਨ ਲੋਕ ਡੇਰਿਆਂ ਦੀ ਸਰਨ ਵਿਚ ਜਾਣ ਲਈ ਮਜਬੂਰ ਹੋਏ।
g ਕੀ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਆਮ ਪ੍ਰਬੰਧਕ ਵੀ ਜ਼ਿੰਮੇਵਾਰ ਹਨ?
ਜਵਾਬ : ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਆਮ ਪ੍ਰਬੰਧਕ ਬਿਲਕੁਲ ਜ਼ਿੰਮੇਵਾਰ ਹਨ, ਕਿਉਂਕਿ ਪਿੰਡਾਂ ਵਿਚ ਜਾਤ ਆਧਾਰਤ ਗੁਰਦੁਆਰਾ ਸਾਹਿਬ ਬਣ ਗਏ ਜਦਕਿ ਗੁਰੂ ਸਾਹਿਬ ਨੇ ਜਾਤਾਂ-ਪਾਤਾਂ ਛੱਡਣ ਲਈ ਕਿਹਾ ਸੀ। ਬਹੁਤ ਸਾਰੇ ਗ਼ਰੀਬ ਲੋਕਾਂ ਨੂੰ ਅਖੌਤੀ ਮਨੂੰਵਾਦ ਨੇ ਜਾਤਾਂ ਵਿਚ ਵੰਡਿਆ ਹੋਇਆ ਸੀ ਜਿਸ ਕਰ ਕੇ ਗੁਰਮਤਿ ਦੀ ਸੋਝੀ ਨਾ ਹੋਣ ਕਰ ਕੇ ਅੱਜ ਵੀ ਇਹੀ ਚੀਜਾਂ ਚੱਲ ਰਹੀਆਂ ਹਨ। ਕਈ ਸਿੱਖਾਂ ਨੂੰ ਵੀ ਜਾਤਾਂ ਨਾਲ ਜੋੜਿਆ ਜਾ ਰਿਹਾ ਹੈ, ਪਰ ਜਿਹੜਾ ਵਿਅਕਤੀ ਸਿੱਖ ਹੈ ਉਸਦੀ ਉਸ ਨਾਲ ਜਾਤ ਨਹੀਂ ਲਗਦੀ। ਜਾਤਾਂ ਵਾਲਾ ਸਿਸਟਮ ਅੱਜ ਵੀ ਚੱਲ ਰਿਹਾ ਹੈ। ਪਛੜੇ ਲੋਕਾਂ ਨੂੰ ਕਮੇਟੀਆਂ ਵਿਚ ਨਹੀਂ ਲਿਆ ਜਾਂਦਾ ਅਤੇ ਉਨ੍ਹਾਂ ਦੀਆਂ ਪੰਗਤਾਂ ਅਤੇ ਭਾਂਡੇ ਵੀ ਵਖਰੇ ਰੱਖੇ ਜਾਂਦੇ ਹਨ। ਇਸੇ ਕਰ ਕੇ ਇਹ ਲੋਕ ਸਿੱਖੀ ਵਾਲੇ ਪਾਸਿਉਂ ਮੂੰਹ ਮੋੜ ਕੇ ਡੇਰਿਆਂ ਵਲ ਗਏ ਹਨ।
g ਸੌਦਾ ਸਾਧ ਨੂੰ ਸਜ਼ਾ ਅਤੇ ਨਾਰਾਜ਼ ਹੋਏ ਇਨ੍ਹਾਂ ਲੋਕਾਂ ਨੂੰ ਕਿਵੇਂ ਵਾਪਸ ਲਿਆਂਦਾ ਜਾਵੇ?
ਜਵਾਬ : ਸੌਦਾ ਸਾਧ ਨੂੰ ਸਜ਼ਾ ਦੀ ਕਾਰਵਾਈ ਦੇਰ ਨਾਲ ਦਰੁਸਤ ਫ਼ੈਸਲਾ ਹੈ। ਮੈਂ ਸੀ.ਬੀ.ਆਈ. ਦੇ ਜੱਜ ਅਤੇ ਬਹਾਦਰ ਲੜਕੀਆਂ ਦੀ ਸ਼ਲਾਘਾ ਕਰਦਾ ਹਾਂ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸੌਦਾ ਸਾਧ ਨੇ ਸਿੱਖ ਪੰਥ ਨਾਲ ਵੀ ਟੱਕਰ ਲਈ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਉਹ ਮਾਮਲਾ ਕਿਥੇ ਚੱਲ ਰਿਹੈ ਅਤੇ ਉਸ ਦੀ ਕੋਈ ਪੈਰਵਈ ਵੀ ਕਰਦੈ ਜਾਂ ਨਹੀਂ। ਉਹ ਲੜਕੀਆਂ ਅਤੇ ਡਰਾਈਵਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਹੌਸਲਾ ਨਹੀਂ ਹਾਰਿਆ।
g ਸ਼੍ਰੋਮਣੀ ਕਮੇਟੀ ਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ ਹੈ?
ਜਵਾਬ : ਸ਼੍ਰੋਮਣੀ ਕਮੇਟੀ ਗੁਰਮਤਿ ਦੇ ਆਧਾਰ 'ਤੇ ਗੁਰਬਾਣੀ ਦਾ ਸਹੀ ਪ੍ਰਚਾਰ ਕਰਵਾਉਣਾ ਸ਼ੁਰੂ ਕਰੇ, ਗੁਰਬਾਣੀ ਦੇ ਚਾਨਣ ਵਿਚ ਸਿੱਖ ਇਤਿਹਾਸ ਲਿਖਿਆ ਜਾਵੇ, ਇਤਿਹਾਸ ਵਿਚ ਮਿਲਾਈਆਂ ਹੋਈਆਂ ਗੱਪ ਕਹਾਣੀਆਂ ਬਾਹਰ ਕੱਢੀਆਂ ਜਾਣ। ਜਥੇਦਾਰਾਂ ਦਾ ਪਾਖੰਡੀਆਂ ਦੇ ਡੇਰਿਆਂ ਵਿਚ ਜਾਣਾ ਬੰਦ ਹੋਵੇ, ਸਿੱਖ ਰਹਿਤ ਮਰਿਆਦਾ ਹਰ ਥਾਂ ਲਾਗੂ ਕੀਤੀ ਜਾਵੇ, ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਕਿਸੇ ਲਾਲਚ ਵਸ ਹੋ ਕੇ ਹੋਰ ਪਾਸੇ ਨਾ ਜਾਇਆ ਜਾਵੇ। ਪਿੰਡਾਂ ਵਿਚਲੇ ਲੋਕਾਂ ਨੂੰ ਕਮੇਟੀਆਂ ਵਿਚ ਸ਼ਾਮਲ ਕਰ ਕੇ ਬਣਦਾ ਸਤਿਕਾਰ ਦਿਤਾ ਜਾਵੇ ਅਤੇ ਵੱਖ-ਵੱਖ ਪੰਗਤਾਂ ਲਗਾਉਣੀਆਂ ਬੰਦ ਕੀਤੀਆਂ ਜਾਣ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਡੇਰਾ ਪ੍ਰੇਮੀਆਂ ਦਾ ਮਜ਼ਾਕ ਨਾ ਉਡਾਇਆ ਜਾਵੇ, ਕਿਉਂਕਿ ਇਹ ਗੁਮਰਾਹ ਹੋਏ ਲੋਕ ਹਨ। ਇਨ੍ਹਾਂ ਦਾ ਮਜ਼ਾਕ ਨਾ ਉਡਾਇਆ ਜਾਵੇ ਅਤੇ ਗੁਰਮਤਿ ਦੀ ਸੋਝੀ ਦੇ ਕੇ ਵਾਪਸ ਲਿਆਂਦਾ ਜਾਵੇ।
g ਪੰਜਾਬ ਨਵੇਂ ਪੈਦਾ ਹੋ ਰਹੇ ਡੇਰਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਜਵਾਬ : ਪੰਜਾਬ ਵਿਚ ਨਵੇਂ ਹੋਂਦ ਵਿਚ ਆ ਰਹੇ ਡੇਰਿਆਂ ਦੀ ਪੂਰੀ ਤਰ੍ਹਾਂ ਚੈਕਿੰਗ ਹੋਣੀ ਚਾਹੀਦੀ ਹੈ। ਵੇਲੇ ਸਿਰ ਹੀ ਇਹੋ ਕੁਝ ਹੋਣਾ ਚਾਹੀਦਾ ਹੈ। ਬਾਅਦ 'ਚ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ, ਪਰ ਹੁਣ ਲੋਕ ਜਾਗਰੂਕ ਹੋ ਚੁਕੇ ਹਨ। ਦੁਬਾਰਾ ਡੇਰਿਆਂ ਨਾਲ ਨਹੀਂ ਜੁੜਨਗੇ।
g ਸਵਾਲ : ਪ੍ਰਮੇਸ਼ਰ ਦੁਆਰ ਨੂੰ ਵੀ ਡੇਰੇ ਦੀ ਨਜ਼ਰ ਨਾਲ ਵੇਖਿਆ ਜਾ ਰਿਹੈ?
ਜਵਾਬ : ਜਦੋਂ ਤੋਂ ਉਹ ਡੇਰਾਵਾਦ ਵਿਚੋਂ ਬਾਹਰ ਨਿਕਲੇ ਹਨ, ਇਸੇ ਕਰ ਕੇ ਉਨ੍ਹਾਂ ਉਪਰ ਹਮਲਾ ਕਰਵਾਇਆ ਗਿਆ। ਸੋਸ਼ਲ ਮੀਡੀਆਂ ਉਪਰ ਉਨ੍ਹਾਂ ਵਿਰੁਧ ਇਸੇ ਕਰ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਡੇਰਾਵਾਦ ਕਿਉਂ ਛੱਡ ਗਏ। ਉਨ੍ਹਾਂ ਕਿਹਾ ਕਿ ਬਿਲਡਿੰਗਾਂ ਨੂੰ ਡੇਰਾਵਾਦ ਨਹੀਂ ਕਿਹਾ ਜਾਂਦਾ, ਗੁਰਦੁਆਰਾ ਵੀ ਇਕ ਬਿਲਡਿੰਗ ਹੀ ਹੈ, ਪ੍ਰਮੇਸ਼ਰ ਦੁਆਰ ਵਿਚ ਸਿੱਖ ਰਹਿਤ ਮਰਿਆਦਾ ਪੂਰੀ ਤਰ੍ਹਾਂ ਲਾਗੂ ਹੈ। ਪੂਰੀ ਤਰ੍ਹਾਂ ਮਰਿਆਦਾ ਦੀ ਗੱਲ ਕੀਤੀ ਜਾਂਦੀ ਹੈ। ਇਥੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਪ੍ਰਕਾਸ਼ ਹੁੰਦਾ ਹੈ ਪਰ ਲੜੀਆਂ ਨਹੀਂ ਲਗਾਈਆਂ ਜਾਂਦੀਆਂ ਅਤੇ ਮੱਥੇ ਨਹੀਂ ਟਿਕਵਾਏ ਜਾਂਦੇ। ਕੋਈ ਮਨਮਤ ਵਾਲੀ ਗੱਲ ਨਹੀਂ ਹੁੰਦੀ। ਬਹੁਤ ਲੋਕ ਹਨ ਜਿਹੜੇ ਅਪਣੇ ਘਰਾਂ ਵਿਚ ਹੀ ਡੇਰੇ ਚਲਾਉਂਦੇ ਹਨ। ਜਿਥੇ ਗੁਰੂ ਦੀ ਮਰਿਆਦਾ ਹੈ ਉਹ ਗੁਰਦੁਆਰਾ ਹੈ ਜਿਥੇ ਗੁਰੂ ਦੀ ਮਰਿਆਦਾ ਨਹੀਂ ਉਹ ਡੇਰਾ ਹੈ। ਜਿਥੇ ਗੁਰਬਾਣੀ ਮੁਤਾਬਕ ਸਭ ਕੁਝ ਹੁੰਦਾ ਹੈ ਉਸਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਪ੍ਰਮੇਸ਼ਰ ਦੁਆਰ ਨੇ ਡੇਰੇਵਾਦ ਨਾਲ ਡਟ ਕੇ ਟੱਕਰ ਲਈ ਹੋਈ ਹੈ ਜਿਸ ਦਾ ਉਹ ਖਮਿਆਜਾ ਭੁਗਤ ਚੁਕੇ ਹਨ।
g ਤੁਹਾਡੇ ਉੱਪਰ ਹੋਏ ਹਮਲੇ ਬਾਰੇ ਕੀ ਕਹੋਗੇ?
ਜਵਾਬ : ਜਿਵੇਂ ਸੌਦਾ ਸਾਧ ਨੂੰ ਸਰਕਾਰ ਦੀ ਸ਼ਹਿ ਸੀ, ਉਸੇ ਤਰ੍ਹਾਂ ਸਾਡੇ ਉਪਰ ਹਮਲਾ ਕਰਨ ਵਾਲਿਆਂ ਨੂੰ ਬਾਦਲਾਂ ਦੀ ਸ਼ਹਿ ਸੀ। ਹਮਲਾਵਰਾਂ ਨੇ ਇਹ ਵੀ ਮੰਨ ਲਿਆ ਕਿ ਉਨ੍ਹਾਂ ਨੇ ਹਮਲਾ ਕਰਵਾਇਆ। ਸਰਕਾਰ ਨੇ ਸਕਿਉਰਿਟੀ ਦੇਣ ਦੀ ਗੱਲ ਕਹੀ, ਪਰ ਦੋਸ਼ੀਆਂ ਨੂੰ ਫੜਨ ਦੀ ਗੱਲ ਨਹੀਂ ਕੀਤੀ ਗਈ। ਅਕਾਲੀ ਸਰਕਾਰ ਨੇ ਅਸਮਰੱਥਾ ਜਤਾਈ ਕਿ ਉਹ ਹਮਲਾਵਰ ਵਿਰੁਧ ਕਾਰਵਾਈ ਨਹੀਂ ਕਰ ਸਕਦੀ। ਤੁਸੀਂ ਸਕਿਉਰਿਟੀ ਵੱਧ ਲੈ ਸਕਦੇ ਹੋ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement