
ਗੰਦੇ ਪਾਣੀ ਦੇ ਨਿਕਾਸ ਨਾਲੇ ਦੀ ਹਾਲਤ ਤਰਸਯੋਗ ਪਾਈਪ ਬੰਦ
-ਗੰਦਾ ਪਾਣੀ ਲੋਕਾਂ ਦੇ ਘਰਾਂ ਅਤੇ ਜ਼ਮੀਨਾਂ ਦੀਆਂ ਫਸਲਾਂ ਕਰ ਰਿਹਾ ਖਰਾਬ
-ਲੋਕਾਂ ਦੀ ਮੰਗ ਸੀਵਰਜ ਸਿਸਟਮ ਨੂੰ ਜਲਦੀ ਕੀਤਾ ਜਾਵੇ ਚਾਲੂ
ਫ਼ਿਰੋਜ਼ਪੁਰ (ਬਲਬੀਰ ਸਿੰਘ ਜੋਸਨ)-: ਕਸਬਾ ਮੱਲਾਂਵਾਲਾ ਦੇ ਗੰਦੇ ਪਾਣੀ ਦੇ ਨਿਕਾਸ ਵਾਲਾ ਸੀਵਰੇਜ ਸਿਸਟਮ ਪਿਛਲੇ ਦਸ ਦਿਨਾਂ ਤੋਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਅਤੇ ਬੰਦ ਪਏ ਸੀਵਰੇਜ ਸਿਸਟਮ ਨੂੰ ਚਾਲੂ ਕਰਨ ਸਬੰਧੀ ਠੇਕੇਦਾਰ ਅੱਖਾਂ ਬੰਦ ਕਰਕੇ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ।
ਦੱਸਣਯੋਗ ਹੈ ਕਿ ਕਸਬਾ ਮੱਲਾਂਵਾਲਾ ਦੇ ਗੰਦੇ ਪਾਣੀ ਦੇ ਨਿਕਾਸ ਵਾਸਤੇ ਕੋਈ ਵੀ ਛੱਪੜ ਦਾ ਪ੍ਰਬੰਧ ਨਹੀਂ ਪਰ ਨਗਰ ਪੰਚਾਇਤ ਮੱਲਾਂਵਾਲਾ ਵੱਲੋਂ ਸ਼ਹਿਰ ਦੇ ਸਾਰੇ ਗੰਦੇ ਪਾਣੀ ਨੂੰ ਜੈਮਲ ਵਾਲਾ ਰੋਡ ਤੇ ਇਕੱਠਾ ਕਰਕੇ ਉੱਥੋਂ ਮੋਟਰਾ ਰਾਹੀਂ ਮੱਲਾਂਵਾਲਾ ਮੱਖੂ ਰੋਡ ਦੇ ਨਾਲ ਨਾਲ ਡੂੰਘਾ ਨਾਲਾ ਬਣਾ ਕੇ ਬਸਤੀ ਸੁਨਮਾਂ ਦੇ ਨਜ਼ਦੀਕ ਲੰਘਦੇ ਸੇਮਨਾਲੇ ਦੇ ਵਿੱਚ ਪਾਇਆ ਗਿਆ ਪਰ ਸਮੇਂ ਸਮੇਂ ਤੇ ਇਨ੍ਹਾਂ ਘਟੀਆ ਪੱਧਰ ਦੇ ਨਾਲਿਆਂ ਅਤੇ ਸੀਵਰੇਜ ਸਿਸਟਮ ਕਾਰਨ ਲੋਕਾਂ ਨੂੰ ਰੋਜ਼ਾਨਾ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂਕਿ ਸ਼ਹਿਰ ਵਿੱਚ ਸਫ਼ਾਈ ਦਾ ਬੁਰਾ ਹਾਲ ਹੈ , ਨਾਲੇ ਮਿੱਟੀ ਨਾਲ ਅਤੇ ਲਿਫਾਫਿਆਂ ਨਾਲ ਭਰੇ ਹੋਣ ਕਾਰਨ ਗੰਦਾ ਪਾਣੀ ਕਸਬੇ ਦੇ ਕਈਆਂ ਵਾਰਡਾਂ ਵਿੱਚ ਫਿਰ ਰਿਹਾ ਹੈ।
ਕਸਬੇ ਵਿਚ ਘਟੀਆ ਮਟੀਰਿਅਲ ਨਾਲ ਬਣਾਏ ਗਏ ਨਾਲੇ ਟੁੱਟ ਚੁੱਕੇ ਹਨ ਕਈਆਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ । ਮੱਲਾਂਵਾਲਾ ਮੱਖੂ ਫਿਰੋਜ਼ਪੁਰ ਰੋਡ ਦੇ ਦੋਨੇਂ ਪਾਸੇ ਬਣੇ ਨਾਲੇ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ ਕਿਉਂਕਿ ਇੱਕ ਪਾਸੇ ਦੇ ਹੀ ਗੰਦੇ ਪਾਣੀ ਦੇ ਨਿਕਾਸ ਵਾਲਾ ਨਾਲਾ ਚੱਲ ਰਿਹਾ ਹੈ । ਦੂਜੇ ਪਾਸੇ ਦਾ ਨਾਲਾ ਬੰਦ ਹੋਣ ਕਾਰਨ ਕਸਬੇ ਵਿੱਚ ਜਿਥੇ ਵੱਡੀ ਪੱਧਰ ਤੇ ਬੱਦਬੂ ਫੈਲਾ ਰਿਹਾ ਹੈ, ਉੱਥੇ ਹੀ ਕਈ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ।
ਕਿਸਾਨ ਜੋਗਾ ਸਿੰਘ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਸ਼ੁਨਮਾ ਨੇ ਦੱਸਿਆ ਕਿ ਉਸ ਨੇ ਮੱਲਾਂਵਾਲਾ ਦੇ ਨਛੱਤਰ ਸਿੰਘ ਸੰਧੂ ਤੋ ਚਾਰ ਏਕੜ ਜ਼ਮੀਨ ਠੇਕੇ ਤੇ ਲਈ ਹੈ ਪਰ ਨਗਰ ਪੰਚਾਇਤ ਦੇ ਇਸ ਗੰਦੇ ਪਾਣੀ ਦੇ ਨਿਕਾਸ ਵਾਲੇ ਨਾਲੇ ਕਾਰਨ ਮੇਰੀ ਤਿੰਨ ਕਨਾਲ ਬੀਜੀ ਕਣਕ ਦਾ ਪਾਣੀ ਚ ਡੁੱਬਣ ਕਾਰਨ ਨੁਕਸਾਨ ਹੋ ਗਿਆ ਹੈ। ਜੋਗਾ ਸਿੰਘ ਨੇ ਦੱਸਿਆ ਕਿ ਕਸਬੇ ਦੇ ਗੰਦੇ ਪਾਣੀ ਦਾ ਨਿਕਾਸ ਨਾਲਾ ਪਿੰਡ ਸ਼ੁਨਮਾਂ ਤੱਕ ਹੀ ਬਣਾਇਆ ਗਿਆ ਹੈ ਉਸ ਤੋਂ ਅੱਗੇ ਸੀਮਿੰਟ ਦੇ ਪਾਈਪ ਨੱਪ ਕੇ ਪਾਣੀ ਸੇਮ ਨਾਲੇ ਚ ਪਾਇਆ ਗਿਆ ਹੈ ਇਹ ਪਾਈਪ ਮਿੱਟੀ ਅਤੇ ਲਿਫ਼ਾਫ਼ਿਆਂ ਨਾਲ ਬੰਦ ਹੋ ਚੁੱਕੇ ਹਨ ਜਿਸ ਕਾਰਨ ਗੰਦਾ ਪਾਣੀ ਨਾਲੇ ਤੋਂ ਓਵਰ ਫਲੋਅ ਹੋ ਕੇ ਲੋਕਾਂ ਦੇ ਘਰਾਂ ਪਲਾਟਾਂ ਅਤੇ ਜ਼ਮੀਨਾਂ ਵਿੱਚ ਵੜ ਰਿਹਾ ਹੈ।
ਜਿਸ ਕਾਰਨ ਘਰਾਂ ਦਾ ਨੁਕਸਾਨ ਹੋਣ ਦੇ ਨਾਲ ਨਾਲ ਫਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ । ਕਿਸਾਨ ਜੋਗਾ ਸਿੰਘ, ਜੀਤ ਸਿੰਘ, ਗੁਰਚਰਨ ਸਿੰਘ, ਮੇਜਰ ਸਿੰਘ, ਪ੍ਰੀਤਮ ਸਿੰਘ ,ਮੇਹਰ ਸਿੰਘ, ਪਾਲਾ ਸਿੰਘ, ਇਕਬਾਲ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਜਗੀਰ ਸਿੰਘ, ਨੇ ਕਿਹਾ ਕਿ ਸਾਨੂੰ ਨਗਰ ਪੰਚਾਇਤ ਮੱਲਾਂਵਾਲਾ ਦੀ ਨਵੀਂ ਬਣੀ ਪ੍ਰਧਾਨ ਤੋਂ ਕਾਫੀ ਆਸਾਂ ਹਨ ਕਿਉਂਕਿ ਉਹੀ ਸਾਡੀ ਇਸ ਸਮੱਸਿਆ ਦਾ ਹੱਲ ਕੱਢ ਸਕਦੇ ਹਨ ਅਤੇ ਉਨ੍ਹਾਂ ਨਾਲ ਹੀ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਨਗਰ ਪੰਚਾਇਤ ਦੇ ਨਵੇਂ ਬਣੇ ਪ੍ਰਧਾਨ ਮਨਾਕਸ਼ੀ ਬੱਬਲ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸ ਵਾਲਾ ਨਾਲਾ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਅਤੇ ਠੇਕੇਦਾਰ ਦੀ ਅਣਗਿਹਲੀ ਕਾਰਨ ਸਾਡੀ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਕੀ ਕਹਿਣਾ ਨਗਰ ਪੰਚਾਇਤ ਮੱਲਾਵਾਲਾ ਦੀ ਪ੍ਰਧਾਨ ਦਾ
ਨਗਰ ਪੰਚਾਇਤ ਮੱਲਾਵਾਲਾ ਦੀ ਪ੍ਰਧਾਨ ਮਨਾਕਸੀ ਬੱਬਲ ਸਰਮਾ ਨੇ ਕਿਹਾ ਕਿ ਕਸਬੇ ਦੇ ਬੰਦ ਪਏ ਸੀਵਰਜ ਸਿਸਟਮ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾ ਚ ਹਲਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਧਿਆਨ ਚ ਲਿਆ ਕੇ ਇਸ ਮਸਲੇ ਸਥਾਈ ਹੱਲ ਕੱਢਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।