
ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਪੈਰੋਲ ਦਿਤੀ ਸੀ।
Jagtar Singh Tara News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਤਾਰਾ ਪੈਰੋਲ ਖ਼ਤਮ ਹੋਣ ਤੋਂ ਬਾਅਦ ਬੁੜੈਲ ਜੇਲ੍ਹ ਪਰਤ ਗਏ ਹਨ। ਉਨ੍ਹਾਂ ਨੂੰ ਅਪਣੀ ਭਤੀਜੀ ਦੇ ਵਿਆਹ ਲਈ 2 ਘੰਟੇ ਦੀ ਪੈਰੋਲ ਮਿਲੀ ਸੀ। ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਪੈਰੋਲ ਦਿਤੀ ਸੀ।
ਇਸ ਤੋਂ ਪਹਿਲਾਂ ਤਾਰਾ ਦੇ ਭਰਾ ਦੀ ਅਪ੍ਰੈਲ 'ਚ ਮੌਤ ਹੋ ਗਈ ਸੀ, ਜਿਸ ਦੌਰਾਨ ਵੀ ਤਾਰਾ ਨੂੰ ਪੈਰੋਲ ਮਿਲੀ ਸੀ। ਤਾਰਾ ਨੇ ਉਸ ਸਮੇਂ ਦੌਰਾਨ ਮਿਲੀ ਪੈਰੋਲ ਦੌਰਾਨ ਪੁਲਿਸ ਨੂੰ ਸਹਿਯੋਗ ਦਿਤਾ ਸੀ, ਜਿਸ ਕਾਰਨ ਹਾਈ ਕੋਰਟ ਨੇ ਉਨ੍ਹਾਂ ਨੂੰ ਹੁਣ ਇਸੇ ਆਧਾਰ 'ਤੇ ਭਤੀਜੀ ਦੇ ਵਿਆਹ ਲਈ ਪੈਰੋਲ ਦਿਤੀ ਸੀ।
ਰੋਪੜ ਦੇ ਪਿੰਡ ਮੁਗਲ ਮਾਜਰੀ ਦੇ ਗੁਰਦੁਆਰਾ ਸਾਹਿਬ ਵਿਖੇ ਤਾਰਾ ਦੀ ਭਤੀਜੀ ਦੇ ਆਨੰਦ ਕਾਰਜ ਹੋਏ। ਸੁਰੱਖਿਆ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਵੀ ਉਨ੍ਹਾਂ ਦੇ ਨਾਲ ਸੀ। ਇਸ ਤੋਂ ਪਹਿਲਾਂ ਤਾਰਾ ਦੇ ਵਕੀਲ ਨੇ ਅਦਾਲਤ ਵਿਚ ਦਲੀਲ ਦਿਤੀ ਸੀ ਕਿ 3 ਦਸੰਬਰ ਨੂੰ ਤਾਰਾ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਪੈਰੋਲ ਦਿੱਤੀ ਜਾਵੇ। ਅਦਾਲਤ ਨੇ ਬਚਾਅ ਪੱਖ ਅਤੇ ਪੁਲਿਸ ਦਾ ਪੱਖ ਸੁਣਨ ਤੋਂ ਬਾਅਦ ਤਾਰਾ ਦੀ 2 ਘੰਟੇ ਦੀ ਪੈਰੋਲ ਮਨਜ਼ੂਰ ਕਰ ਲਈ।
ਅਦਾਲਤ ਦੀਆਂ ਹਦਾਇਤਾਂ ਅਨੁਸਾਰ ਪੈਰੋਲ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਰਾ ਦੇ ਨਾਲ ਹਮੇਸ਼ਾ ਰਹਿਣਗੇ ਅਤੇ ਪੁਲਿਸ 2 ਘੰਟੇ ਬਾਅਦ ਤਾਰਾ ਨੂੰ ਵਾਪਸ ਜੇਲ ਲੈ ਜਾਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਪੁਲਿਸ ਨੇ ਤਾਰਾ ਨੂੰ 1 ਵਜੇ ਬਖਤਰਬੰਦ ਗੱਡੀ ਵਿਚ ਬਿਠਾ ਦਿਤਾ ਅਤੇ ਮੁੜ ਤਾਰਾ ਨੂੰ ਬੁੜੈਲ ਜੇਲ ਭੇਜ ਦਿਤਾ ਗਿਆ ਹੈ।
(For more news apart from Jagtar Singh Tara returned to Burail Jail after parole, stay tuned to Rozana Spokesman)