
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਅਤੇ ਬੁੜੈਲ ਜੇਲ੍ਹ ਬ੍ਰੇਕ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਆਪਣੇ ਵੱਡੇ ਭਰਾ ਜਸਵਿੰਦਰ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਕੁਝ ਘੰਟੇ ਲਈ ਪੈਰੋਲ ਮਿਲੀ। ਇਸ ਦੌਰਾਨ ਉਹ ਰੋਪੜ ਜ਼ਿਲ੍ਹੇ ਵਿਚ ਪੈਂਦੇ ਆਪਣੇ ਪਿੰਡ ਡੇਕਵਾਲ ਵਿਖੇ ਪਹੁੰਚੇ। ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
Jagtar Singh Tara and Simranjit Singh Mann
ਮਿਲੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਤਾਰਾ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ 9.30 ਵਜੇ ਉਨ੍ਹਾਂ ਦੇ ਪਿੰਡ ਲਿਆਂਦਾ ਗਿਆ। ਅੰਤਿਮ ਅਰਦਾਸ ਮਗਰੋਂ ਕਰੀਬ 3.30 ਵਜੇ ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀਆਂ ਗੱਡੀਆਂ ਉਨ੍ਹਾਂ ਨੂੰ ਲੈ ਕੇ ਬੁੜੈਲ ਜੇਲ੍ਹ ਲਈ ਰਵਾਨਾ ਹੋ ਗਈਆਂ।
Jagtar Singh Tara and Simranjit Singh Mann
ਜ਼ਿਕਰਯੋਗ ਹੈ ਕਿ 1995 ਵਿਚ ਜਗਤਾਰ ਤਾਰਾ ਨੇ ਜਗਤਾਰ ਸਿੰਘ ਹਵਾਰਾ ਅਤੇ ਦਿਲਾਵਰ ਸਿੰਘ ਬੱਬਰ ਨਾਲ ਮਿਲ ਕੇ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਲਈ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਦੇ ਵਿਚ ਬੰਬ ਧਮਾਕਾ ਕੀਤਾ ਸੀ। ਇਸ ਮਾਮਲੇ ਵਿਚ ਗ੍ਰਿਫਤਾਰੀ ਮਗਰੋਂ ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ। 21 ਜਨਵਰੀ 2004 ਨੂੰ ਜਗਤਾਰ ਤਾਰਾ ਆਪਣੇ ਸਾਥੀਆਂ ਸਮੇਤ ਅਤਿ ਆਧੁਨਿਕ ਜੇਲ੍ਹ ਵਿਚੋਂ ਫ਼ਰਾਰ ਹੋਣ ਵਿਚ ਸਫ਼ਲ ਹੋਏ ਸਨ ਤਾਂ 11 ਸਾਲ ਬਾਅਦ 6 ਜਨਵਰੀ 2015 ਨੂੰ ਉਨ੍ਹਾਂ ਨੂੰ ਬੈੰਕਾਕ 'ਚ ਥਾਈਲੈਂਡ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਗਤਾਰ ਤਾਰਾ ਨੂੰ ਭਾਰਤ ਲਿਆ ਕਿ ਮਾਮਲਾ ਦੁਬਾਰਾ ਚਲਾਇਆ ਗਿਆ ਸੀ ਅਤੇ 8 ਨਵੰਬਰ 2021 ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਗਿਆ।