
ਅਪਣੇ ਭਾਸ਼ਨ 'ਚ ਲਗਭਗ ਅੱਧਾ ਘੰਟਾ ਬਾਬੇ ਨਾਨਕ ਅਤੇ ਕਰਤਾਰਪੁਰ ਬਾਰੇ ਬੋਲੇ......
ਗੁਰਦਾਸਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਾਬੇ ਨਾਨਕ ਦੇ ਸੰਦੇਸ਼ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੀ ਲੋੜ ਹੈ। ਉਹ ਇਥੇ ਲੋਕ ਸਭਾ ਚੋਣਾਂ ਦੇ ਸਨਮੁਖ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅਪਣੇ ਭਾਸ਼ਨ ਦੇ ਸ਼ੁਰੂਆਤੀ 25 ਮਿੰਟ ਉਹ ਬਾਬਾ ਨਾਨਕ ਅਤੇ ਕਰਤਾਰ ਸਾਹਿਬ ਲਾਂਘੇ ਬਾਰੇ ਬੋਲਦੇ ਰਹੇ। ਮੋਦੀ ਨੇ ਕਿਹਾ ਕਿ ਗੁਰਦਾਸਪੁਰ ਨੇ ਕਈ ਖੇਤਰਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਪ੍ਰਸਿੱਧ ਐਕਟਰ ਦੇਵ ਆਨੰਦ ਅਤੇ ਮਰਹੂਮ ਵਿਨੋਦ ਖੰਨਾ ਦਾ ਨਾਂਅ ਲਿਆ ਅਤੇ ਵਿਨੋਦ ਖੰਨਾ ਦੀਆਂ ਸਿਫ਼ਤਾਂ ਦੇ ਪੁਲ੍ਹ ਬੰਨ੍ਹੇ।
ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਨੇ ਅਪਣੇ ਕੰਮਾਂ ਨਾਲ ਲੋਕਾਂ ਦੇ ਦਿਲ ਜਿੱਤੇ ਸਨ। ਇਹੋ ਕਾਰਨ ਹੈ ਕਿ ਲਗਾਤਾਰ ਪੰਜ ਵਾਰ (20 ਸਾਲ) ਕਾਂਗਰਸ ਦੀ ਸੀਨੀਅਰ ਆਗੂ ਸੁਖਬੰਸ ਕੌਰ ਭਿੰਡਰ ਦਾ ਕਿਲ੍ਹਾ ਢਾਹੁਣ ਵਿਚ ਕਾਮਯਾਬ ਰਹੇ ਸੀ। ਮੋਦੀ ਨੇ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਬਾਬਾ ਨਾਨਕ ਦੀ ਧਰਤੀ ਹੈ ਜਿਸ ਨੂੰ 1947 ਦੀ ਵੰਡ ਸਮੇਂ ਉਸ ਸਮੇਂ ਦੇ ਕਾਂਗਰਸੀ ਆਗੂ ਭਾਰਤ ਵਿਚ ਸ਼ਾਮਲ ਕਰਨ ਵਿਚ ਨਾਕਾਮਯਾਬ ਰਹੇ ਸਨ ਜਿਸ ਦਾ ਦਰਦ ਸਾਰੇ ਪੰਜਾਬ ਅਤੇ ਖ਼ਾਸਕਰ ਸਿੱਖ ਪਿਛਲੇ ਸੱਤ ਦਹਾਕਿਆਂ ਤੋਂ ਅਪਣੇ ਪਿੰਡਿਆਂ 'ਤੇ ਹੰਢਾਉਂਦੇ ਰਹੇ ਹਨ।
ਸਵੇਰ ਸ਼ਾਮ ਦੀ ਅਰਦਾਸ ਵਿਚ ਕਰਤਾਰ ਸਾਹਿਬ ਅਤੇ ਹੋਰ ਵਿਛੜੇ ਗੁਰੂਧਾਮਾਂ ਦਾ ਜ਼ਿਕਰ ਕਰਦੇ ਆ ਰਹੇ ਹਨ ਅਤੇ ਇਸ ਤੋਂ ਹੋਰ ਵੱਡੀ ਤਰਾਸਦੀ ਕੀ ਹੋ ਸਕਦੀ ਹੈ ਕਿ ਕਾਂਗਰਸ ਲੀਡਰਸ਼ਿਪ ਦੋ ਤਿੰਨ ਕਿਲੋਮੀਟਰ ਦੂਰ ਪੈਂਦੇ ਕਰਤਾਰ ਸਾਹਿਬ ਦੇ ਗੁਰਦਵਾਰੇ ਨੂੰ ਭਾਰਤ ਵਿਚ ਸ਼ਾਮਲ ਕਰਾਉਣ ਵਿਚ ਨਾਕਾਮ ਰਹੀ। ਪ੍ਰਧਾਨ ਮੰਤਰੀ ਨੇ ਕਈ ਮਸਲਿਆਂ 'ਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਾਂਗਰਸ ਦੁਆਰਾ ਕਈ ਰਾਜਾਂ ਵਿਚ ਕੀਤੀ ਗਈ ਕਰਜ਼ਾ-ਮੁਆਫ਼ੀ 'ਤੇ ਵੀ ਸਵਾਲ ਚੁੱਕੇ।