
ਪੁਲਿਸ ਲੁੱਟ ਦੀ ਨੀਅਤ ਨਾਲ ਕਤਲ ਹੋਣ ਬਾਰੇ ਜਾਂਚ ਕਰ ਰਹੀ ਹੈ
Punjab News: ਅਰਜੁਨ ਐਵਾਰਡੀ ਡੀ.ਐਸ.ਪੀ ਦਲਬੀਰ ਸਿੰਘ ਦਿਉਲ ਦੇ ਮੱਥੇ ’ਤੇ ਗੋਲੀ ਮਾਰੀ ਗਈ ਸੀ ਜਿਸ ਕਾਰਨ ਡੀਐਸਪੀ ਦੀ ਮੌਤ ਹੋ ਗਈ ਸੀ। ਮੈਡੀਕਲ ਬੋਰਡ ਨੇ ਮੰਗਲਵਾਰ ਨੂੰ ਡੀਐਸਪੀ ਦੀ ਲਾਸ਼ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਇਆ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡੀਐਸਪੀ ਦੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਲੁੱਟ ਦੀ ਨੀਅਤ ਨਾਲ ਕਤਲ ਹੋਣ ਬਾਰੇ ਜਾਂਚ ਕਰ ਰਹੀ ਹੈ
। ਪੁਲਿਸ ਨੇ ਹੁਣ ਤਕ ਇਸ ਮਾਮਲੇ ’ਚ 50 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ। ਬੱਸ ਸਟੈਂਡ ਨੇੜੇ ਪੁਲਿਸ ਫੁਟੇਜ ’ਚ ਡੀਐਸਪੀ ਦੇ ਨਾਲ ਕੁੱਝ ਹੋਰ ਲੋਕ ਵੀ ਨਜ਼ਰ ਆਏ। ਪੁਲਿਸ ਨੇ ਪੁਛਗਿੱਛ ਲਈ ਕੁੱਝ ਸ਼ੱਕੀਆਂ ਨੂੰ ਹਿਰਾਸਤ ’ਚ ਵੀ ਲਿਆ ਹੈ। ਇਸੇ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਡੀਐਸਪੀ ਦੇ ਕਤਲ ਦੇ ਦੋਸ਼ ਹੇਠ ਵਿਜੇ ਕੁਮਾਰ ਨਾਂ ਦੇ ਇਕ ਈ-ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਸੇ ਈ-ਰਿਕਸ਼ਾ ਵਿਚ ਬੈਠ ਕੇ ਡੀਐਸਪੀ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਇਕੱਲੇ ਹੀ ਘਰੋਂ ਨਿਕਲੇ ਸੀ। ਹਾਲਾਂਕਿ ਪੁਲਿਸ ਨੇ ਡੀਐਸਪੀ ਦਾ ਗੁੰਮ ਹੋਇਆ ਸਰਵਿਸ ਰਿਵਾਲਵਰ ਬਰਾਮਦ ਨਹੀਂ ਕੀਤਾ।
ਦਸਿਆ ਜਾ ਰਿਹਾ ਹੈ ਕਿ ਸਫ਼ਰ ਦੌਰਾਨ ਡੀਐਸਪੀ ਦੀ ਈ-ਰਿਕਸ਼ਾ ਚਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਇਸ ਤੋਂ ਬਾਅਦ ਹੱਥੋਪਾਈ ਦੌਰਾਨ ਰਿਕਸ਼ਾ ਚਾਲਕ ਨੇ ਉਨ੍ਹਾਂ ਦੀ ਸਰਵਿਸ ਰਿਵਾਲਵਰ ਖੋਹ ਗੋਲੀ ਮਾਰ ਦਿਤੀ। ਦਸਿਆ ਜਾ ਰਿਹਾ ਹੈ ਕਿ ਪੁਲਿਸ ਮਾਮਲੇ ਨੂੰ ਡੀਐਸਪੀ ਦੀ ਪੁਰਾਣੀ ਰੰਜਿਸ਼ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ। ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਬਾਰੇ ਫ਼ਿਲਹਾਲ ਹਾਲੇ ਕੁੱਝ ਵੀ ਨਹੀਂ ਦਸਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਿਸੇ ਨੇ ਡੀਐਸਪੀ ਦਲਬੀਰ ਸਿੰਘ ਦਾ ਕਤਲ ਕਰ ਦਿਤਾ ਸੀ। ਪੁਲਿਸ ਟੇ੍ਰਨਿੰਗ ਸੈਂਟਰ ਸੰਗਰੂਰ ਵਿਖੇ ਤਾਇਨਾਤ ਸੀ। ਸੋਮਵਾਰ ਸਵੇਰੇ ਉਸ ਦੀ ਲਾਸ਼ ਬਸਤੀ ਬਾਵਾ ਖੇਲ ’ਚ ਨਹਿਰ ਦੇ ਕੋਲ ਸੜਕ ਕਿਨਾਰੇ ਪਈ ਸੀ।
ਪੁਲਿਸ ਕਰੇਗੀ ਕਾਲ ਰਿਕਾਰਡ ਦੀ ਜਾਂਚ
ਜਾਂਚ ’ਚ ਸਾਹਮਣੇ ਆਇਆ ਕਿ ਡੀ.ਐਸ.ਪੀ ਦਾ ਅਪਣੇ ਮੋਬਾਈਲ ’ਚ ਖ਼ਰਾਬੀ ਸੀ ਇਸ ਲਈ ਉਸ ਨੇ ਅਪਣਾ ਇਕ ਸਿਮ ਅਪਣੇ ਸੁਰੱਖਿਆ ਮੁਲਾਜ਼ਮਾਂ ਦੇ ਮੋਬਾਈਲ ’ਚ ਪਾਇਆ ਹੋਇਆ ਸੀ। ਪੁਲਿਸ ਨੂੰ ਮੌਕੇ ਤੋਂ ਮੋਬਾਈਲ ਵੀ ਨਹੀਂ ਮਿਲਿਆ। ਹਾਲਾਂਕਿ ਪੁਲਿਸ ਨੂੰ ਡੀਐਸਪੀ ਦੇ ਸਿਮ ਦਾ ਕਾਲ ਰਿਕਾਰਡ ਮਿਲ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਡੀਐਸਪੀ ਨੇ ਰਾਤ ਕਰੀਬ 11.30 ਵਜੇ ਆਖ਼ਰੀ ਕਾਲ ਕੀਤੀ ਸੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਡੀਐਸਪੀ ਨੇ ਐਤਵਾਰ ਨੂੰ ਕਿਹੜੇ ਲੋਕਾਂ ਨੂੰ ਬੁਲਾਇਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।