
ਸਿਰ ਅਤੇ ਪੱਟ 'ਤੇ ਲੱਗੀਆਂ ਗੰਭੀਰ ਸੱਟਾਂ, ਮਾਂ ਨੇ ਲਗਾਈ ਮਦਦ ਦੀ ਗੁਹਾਰ
ਲੁਧਿਆਣਾ ਦੇ DMC 'ਚ ਲੜ ਰਹੇ ਜ਼ਿੰਦਗੀ ਤੇ ਮੌਤ ਦੀ ਜੰਗ
ਲੁਧਿਆਣਾ : ਕਬੱਡੀ ਖਿਡਾਰੀ ਦਲਬੀਰ ਸਿੰਘ ਉਰਫ਼ ਬੀਰੀ ਢੈਪਈ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿਚ ਉਨ੍ਹਾਂ ਦੇ ਸਿਰ ਅਤੇ ਪੱਟ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਖਿਡਾਰੀ ਦਾ ਇਲਾਜ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਖੇ ਚਲ ਰਿਹਾ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਮੌਕੇ ਖਿਡਾਰੀ ਦੇ ਚਾਚਾ ਜੀ ਅਤੇ ਮਾਤਾ ਜੀ ਨੇ ਦਸਿਆ ਕਿ ਬੀਤੇ ਕੁਝ ਸਾਲਾਂ ਵਿਚ ਦਲਬੀਰ ਢੈਪਈ ਨੇ ਕਬੱਡੀ ਦੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ ਸੀ। ਸਾਰੇ ਘਰ ਦਾ ਖ਼ਰਚਾ ਹੀ ਉਸ ਦੇ ਸਿਰ 'ਤੇ ਚੱਲ ਰਿਹਾ ਸੀ। ਉਨ੍ਹਾਂ ਦਸਿਆ ਕਿ ਦਲਵੀਰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਹੈ ਅਤੇ ਉਸ ਨੂੰ ਵੈਂਟੀਲੇਟਰ ਤੇ ਰਖਿਆ ਗਿਆ ਹੈ।
ਇਹ ਵੀ ਪੜ੍ਹੋ: ... ਤੇ ਗ਼ਰੀਬ ਨੂੰ ਥੈਲੇ ’ਚ ਲਿਜਾਣੀ ਪਈ ਨਵਜੰਮੇ ਦੀ ਲਾਸ਼!
ਖਿਡਾਰੀ ਦੀ ਮਾਂ ਦਾ ਇਹ ਵੀ ਕਹਿਣਾ ਹੈ ਕਿ ਦਲਬੀਰ 'ਤੇ ਬੀਤੇ ਦਿਨੀਂ ਪਿੰਡ ਜੋਧਾਂ ਕੋਲ ਸਥਿਤ ਇਕ ਡਰੇਨ ਉਪਰ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਹਮਲਾ ਕੀਤਾ ਸੀ। ਉਸ ਮੌਕੇ ਦਲਬੀਰ ਇਕ ਧਾਰਮਿਕ ਸਥਾਨ ਤੋਂ ਪਰਤ ਰਿਹਾ ਸੀ। ਹਮਲੇ ਕਾਰਨ ਖਿਡਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹੁਣ ਉਨ੍ਹਾਂ ਦਾ ਪੁੱਤਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਉਨ੍ਹਾਂ ਨੇ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਗੱਲ ਕਰਦਿਆਂ ਇਨਸਾਫ਼ ਮੰਗਿਆ ਹੈ।
ਉਨ੍ਹਾਂ ਦਸਿਆ ਕਿ ਉਸ ਦਾ 30 ਹਜ਼ਾਰ ਰੁਪਏ ਰੋਜ਼ ਦਾ ਵੈਂਟੀਲੇਟਰ ਦਾ ਕਿਰਾਇਆ ਅਤੇ ਦਵਾਈਆਂ ਦੇ ਪੈਸੇ ਵਖਰੇ ਮਿਲਾ ਕੇ ਲਗਭਗ 50 ਹਜ਼ਾਰ ਰੁਪਏ ਰੋਜਾਨਾ ਦਾ ਖਰਚਾ ਆ ਰਿਹਾ ਹੈ। ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸਿਹਤ ਸਬੰਧੀ ਡਾਕਟਰ ਸੋਮਵਾਰ ਨੂੰ ਸਥਿਤੀ ਬਾਰੇ ਦੱਸਣਗੇ। ਇਸ ਹਾਲਾਤ ਵਿਚ ਉਨ੍ਹਾਂ ਕੋਲੋਂ ਖ਼ਰਚਾ ਕਰਨਾ ਔਖਾ ਹੋ ਚੁੱਕਾ ਹੈ।ਉਹ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕਰਦੇ ਹਨ।