
ਯੂਪੀਐਸਸੀ ਵਲੋਂ ਗੋਇਲ ਮੁਸਤਫ਼ਾ ਤੇ ਗੁਪਤਾ ਦੇ ਨਾਵਾਂ ‘ਤੇ ਮੋਹਰ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਨਵੇਂ ਪੁਲਿਸ ਮੁਖੀ ਦੀ ਨਿਯੁਕਤੀ ਦਾ ਰਾਹ ਪੱਧਰਾ ਹੋ ਗਿਆ ਹੈ। ਅੱਜ ਯੂਪੀਐਸਸੀ ਦੀ ਨਵੀ ਦਿੱਲੀ ਵਿਖੇ ਹੋਈ ਬੈਠਕ ਵਿਚ ਪੰਜਾਬ ਦੇ ਵਲੋਂ ਭੇਜੇ ਸੀਨੀਅਰ ਪੁਲਿਸ ਅਫਸਰਾਂ ਦੇ ਪੈਨਲ ਵਿਚੋਂ ਚੋਟੀ ਦੇ ਤਿੰਨ ਨਾਵਾਂ ਉਤੇ ਮੋਹਰ ਲੱਗ ਚੁੱਕੀ ਦੱਸੀ ਜਾ ਰਹੀ ਹੈ। ਜਿਨ੍ਹਾਂ ਵਿਚ ਕੇਂਦਰੀ ਡੈਪੂਟੇਸ਼ਨ ਤੇ ਚੱਲ ਰਹੇ ਸੀਨੀਅਰ ਆਈਪੀਐਸ ਸਾਮੰਤ ਗੋਇਲ ਮੋਹਰੀ ਤੇ ਪੰਜਾਬ ਵਿਚ ਨਸ਼ਿਆਂ ਵਿਰੁਧ ਐਸਟੀਐਫ ਦੇ ਮੁਖੀ
ਅਤੇ ਕਾਂਗਰਸੀ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਦੂਜੇ ਨੰਬਰ ਤੇ ਜਦਕਿ ਡੀਜੀਪੀ ਇੰਟੈਲੀਜੈਂਸ ਅਤੇ ਪੰਜਾਬ ਵਿਚ ਗੈਂਗਸਟਰਾਂ ਨਾਲ ਸਫਲਤਾਪੂਰਵਕ ਸਿੱਝਣ ਵਾਲੇ ਕਾਬਿਲ ਅਫਸਰ ਵਜੋ ਜਾਣੇ ਜਾਂਦੇ ਆਈਪੀਐਸ ਦਿਨਕਰ ਗੁਪਤਾ ਤੀਜੇ ਨਬਰ ਤੇ ਮੰਨੇ ਜਾ ਰਹੇ ਹਨ। ਇਹ ਵੀ ਖਬਰ ਹੈ ਕਿ ਸਾਮੰਤ ਗੋਇਲ ਕੇਂਦਰੀ ਡੈਪੂਟੇਸ਼ਨ ਤੋਂ ਮੁੜਨ ਦੇ ਘੱਟ ਹੀ ਇਸ਼ੁੱਕ ਜਾਪ ਰਹੇ ਹਨ। ਅਜਿਹੇ ਵਿਚ ਮੁਹੰਮਦ ਮੁਤਸਫਾ ਦਾ ਦਾਅ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ।
ਦੱਸਣ ਯੋਗ ਹੈ ਕਿ ਪੰਜਾਬ ਦੇ ਮੌਜੂਦਾ ਪੁਲਿਸ ਮੁਖੀ ਸੁਰੇਸ਼ ਅਰੋੜਾ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਅਤੇ ਉਹ ਆਰਜੀ ਵਾਧੇ ਉਤੇ ਕਾਰਜ ਕਾਲ ਸੰਭਾਲ ਰਹੇ ਹਨ। ਉੱਧਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਪਿਛਲੇ ਹੁਕਮਾਂ ਮੁਤਾਬਕ ਰਾਜਾਂ ਨੂੰ ਡੀਜੀਪੀ ਦੀ ਨਿਯੁਕਤੀ ਲਈ ਯੂਪੀਐਸਸੀ ਕੋਲ ਸੀਨੀਅਰ ਅਫਸਰਾਂ ਦਾ ਪੈਨਲ ਭੇਜਣ ਦਾ ਪਾਬੰਦ ਕੀਤਾ ਜਾ ਚੁੱਕਾ ਹੈ। ਇਹ ਵੀ ਮੰਨਿਆ ਜਿ ਰਿਹਾ ਹੈ
ਕਿ ਦੇਸ਼ ਦੀਆਂ ਆਮ ਲੋਕ ਸਭਾ ਚੋਣਾਂ ਸਿਰ ਉਤੇ ਹੋਣ ਦੇ ਮੱਦੇਨਜਰ ਪੰਜਾਬ ਸਰਕਾਰ ਚੋਣ ਜਾਪਤਾ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਅਪਣੀ ਮਰਜੀ ਦਾ ਪੁਲਿਸ ਮੁਖੀ ਨਿਯੁਕਤ ਕਰਨ ਦੀ ਇਛੁੱਕ ਹੈ ਕਿਉਂਕਿ ਸੰਭਵ ਤੋਰ ਤੇ ਮਾਰਚ ਦੇ ਪਹਿਲੇ ਹਫਤੇ ਲੋਕ ਸਭਾ ਦਾ ਐਲਾਨ ਹੋ ਜਾਣ ਤੋ ਬਾਅਦ ਚੋਣ ਕਮਿਸ਼ਨ ਵਲੋਂ ਪੰਜਾਬ ਪੁਲਿਸ ਮੁਖੀ ਅਪਣੀ ਚੋਣ ਮੁਤਾਬਕ ਬਦਲਿਆ ਜਾਣਾ ਤੈਅ ਮੰਨਿਆ ਜਾ ਰਿਹਾ ਸੀ।